ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਕੱਲੀ ਔਰਤ ਦੇ ਪਾਕਿਸਤਾਨ ਜਾਣ 'ਤੇ ਲਗਾਈ ਰੋਕ
ਬੀਬੀਆਂ ਨੇ ਦਿੱਤਾ ਪ੍ਰਤੀਕਰਮ
ਮੋਹਾਲੀ: ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਕੱਲੀ ਔਰਤ ਦੇ ਪਾਕਿਸਤਾਨ ਜਾਣ ’ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ’ਤੇ ਗੱਲਬਾਤ ਕਰਦਿਆਂ ਬੀਬੀ ਹਰਸ਼ਿੰਦਰ ਕੌਰ ਨੇ ਕਿਹਾ ਕਿ ਇੱਕ ਜਣੇ ਦੀ ਸਜ਼ਾ ਸਾਰਿਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਨੇ ਜੋ ਕੀਤਾ, ਉਸ ਦੇ ਅਧਾਰ ֺ’ਤੇ ਬੰਦਿਸ਼ ਨਹੀਂ ਲਗਾਈ ਜਾ ਸਕਦੀ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਇਕੱਲੀ ਔਰਤ ਦੇ ਪਾਕਿਸਤਾਨ ਜਾਣ ’ਤੇ ਲਗਾਈ ਰੋਕ ਦੇ ਮਾਮਲੇ ’ਤੇ DSGMC ਮੈਂਬਰ ਬੀਬੀ ਰਣਜੀਤ ਕੌਰ ਨੇ ਵੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਫ਼ੈਸਲਾ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕੱਲੇ-ਇਕੱਲੇ ਨੂੰ ਪਰਸਨਲ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਨੂੰ ਉਤਸ਼ਾਹਿਤ ਕਰੇਗੀ ਕਿ ਪਰਿਵਾਰ ਇਕੱਠੇ ਹੀ ਆਉਣ।
ਜ਼ਿਕਰਯੋਗ ਹੈ ਕਿ ਕਪੂਰਥਲਾ ਦੀ ਸਰਬਜੀਤ ਕੌਰ, ਜੋ ਪ੍ਰਕਾਸ਼ ਪੁਰਬ ‘ਤੇ ਸਿੱਖ ਜਥੇ ਨਾਲ ਧਾਰਮਿਕ ਯਾਤਰਾ ਲਈ ਪਾਕਿਸਤਾਨ ਗਈ ਸੀ, ਨੇ ਉੱਥੇ ਧਰਮ ਬਦਲ ਕੇ ਨਿਕਾਹ ਕਰ ਲਿਆ। ਇਸ ਘਟਨਾ ਨੇ ਪੰਜਾਬ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਰਿਵਾਰ ਨੂੰ ਇਸ ਮਾਮਲੇ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਜਦੋਂ ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਇਆ, ਤਾਂ ਸਰਕਾਰ ਅਤੇ SGPC ਦੋਹਾਂ ‘ਤੇ ਸਵਾਲ ਉਠੇ।