ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਦੁਪਹਿਰ 12 ਵਜੇ ਤੋਂ ਹੋਵੇਗਾ ਚੱਕਾ ਜਾਮ
ਅੱਜ PRTC ਤੇ PUNBUS ਮੁਲਾਜ਼ਮ ਕਰਨਗੇ ਹੜਤਾਲ
ਪਟਿਆਲਾ (ਪਰਮਿੰਦਰ ਸਿੰਘ ਰਾਏਪੁਰ): ਪੰਜਾਬ ਸਰਕਾਰ ਵਲੋਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਟੈਂਡਰ ਖੋਲ੍ਹਣ ਦਾ ਵਿਰੋਧ ਕਰ ਰਹੇ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਕਾਮਿਆਂ ਵਲੋਂ ਅੱਜ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿਤਾ ਹੈ। ਯੂਨੀਅਨ ਨੁਮਾਇੰਦਿਆਂ ਅਨੁਸਾਰ ਸਰਕਾਰ ਤੇ ਮੈਨੇਜਮੈਂਟ ਵਲੋਂ 17 ਨਵੰਬਰ ਨੂੰ ਪ੍ਰਾਈਵੇਟ ਬੱਸਾਂ ਭਾਵ ਕਿਲੋਮੀਟਰ ਸਕੀਮ ਬੱਸਾਂ ਪਾਉਣ ਲਈ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਦਾ ਜਥੇਬੰਦੀ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਦਾ ਐਕਸ਼ਨ ਆਰ-ਪਾਰ ਦਾ ਹੋਵੇਗਾ ਤੇ ਮੰਗਾਂ ਨਾ ਮੰਨਣ ’ਤੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਥੇਬੰਦੀ ਅਨੁਸਾਰ 7 ਹਜ਼ਾਰ ਤੋਂ ਵੱਧ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਨਗੇ ਤੇ ਜੇਕਰ ਟੈਂਡਰ ਖੋਲ੍ਹੇ ਗਏ ਤਾਂ ਥਾਂ ਥਾਂ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਜੇਕਰ ਇਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਹੁੰਦੀ ਹੈ ਤਾਂ ਇਸ ਦੌਰਾਨ ਆਮ ਲੋਕਾਂ ਨੂੰ ਇਕ ਵਾਰ ਫਿਰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਵੇਗਾ ਤੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਅਦਾਰਿਆਂ ਨੂੰ ਵਿੱਤੀ ਘਾਟੇ ਦਾ ਸਾਹਮਣਾ ਵੀ ਕਰਨਾ ਪਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦਸਿਆ ਕਿ ਯੂਨੀਅਨ ਵਲੋਂ ਕਈ ਵਾਰ ਸਰਕਾਰ ਤੇ ਮੈਨੇਜਮੈਂਟ ਨੂੰ ਲਿਖਤੀ ਰੂਪ ’ਚ ਤੇ ਜ਼ੁਬਾਨੀ ਤੌਰ ’ਤੇ ਕਿਲੋਮੀਟਰ ਬਸਾਂ ਕਾਰਨ ਪੈਣ ਵਾਲੇ ਘਾਟੇ ਅਤੇ ਇਨ੍ਹਾਂ ਕਿਲੋਮੀਟਰ ਸਕੀਮ ਬਸਾਂ ਦੀ ਥਾਂ ਤੇ ਸਰਕਾਰੀ ਬਸਾਂ ਪਾਉਣ ਲਈ ਹਰ ਤਰ੍ਹਾਂ ਦੇ ਤਰਕ ਦਿਤੇ ਜਾ ਚੁੱਕੇ ਹਨ ਪ੍ਰੰਤੂ ਫਿਰ ਵੀ ਮੈਨੇਜਮੈਟ ਵਲੋਂ ਪ੍ਰਾਈਵੇਟ ਬਸਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਟਰੈਕਟ ਕਾਮਿਆਂ ਦੀਆਂ ਹੋਰਨਾਂ ਮੰਗਾਂ ਦਾ ਸਰਕਾਰ ਕੋਲੋਂ ਹੱਲ ਕਰਵਾਉਣ ਲਈ ਅੱਜ ਬਾਅਦ ਦੁਪਹਿਰ 12:00 ਵਜੇ ਤੋਂ ਪਨਬੱਸ ਅਤੇ ਪੀਆਰਟੀਸੀ ਦੀਆਂ ਬਸਾਂ ਦਾ ਮੁਕੰਬਲ ਚੱਕਾ ਜਾਮ ਕਰ ਕੇ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਐਕਸ਼ਨ ਦੇ ਤੌਰ ’ਤੇ ਪੀਆਰਟੀਸੀ ਦੇ ਚੇਅਰਮੈਨ ਤੇ ਵਿਭਾਗ ਦੇ ਐਮਡੀ ਦੀ ਰਿਹਾਇਸ਼ ਅਤੇ ਹੈੱਡ ਆਫ਼ਿਸ ਅੱਗੇ ਧਰਨਾ ਦਿਤਾ ਜਾਵੇਗਾ ਅਤੇ 18 ਨਵੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਪੱਕਾ ਧਰਨਾ ਦਿਤਾ ਜਾਵੇਗਾ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਵਿਖੇ ਧਰਨੇ ਦੀ ਤਿਆਰੀ ਪੱਕੇ ਮੋਰਚੇ ਦੇ ਰੂਪ ਵਿਚ ਕੀਤੀ ਜਾਵੇਗੀ ਤੇ ਅਪਣੀਆ ਮੰਗਾਂ ਮਨਵਾਉਣ ਤੋਂ ਬਾਅਦ ’ਚ ਹੀ ਵਾਪਸ ਮੁੜਿਆ ਜਾਵੇਗਾ। ਹਰਕੇਸ਼ ਵਿੱਕੀ ਨੇ ਦਸਿਆ ਕਿ ਜਥੇਬੰਦੀ ਨਾਲ ਸਬੰਧਤ ਸਾਰੇ ਡਿਪੂਆਂ ਦੀਆਂ ਕਮੇਟੀਆਂ ਅਪਣੇ ਡਿਪੂ ’ਚ ਹਾਜ਼ਰ ਰਹਿਣਗੀਆਂ ਅਤੇ ਦਿਤੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਕਦਮ ਚੁੱਕਣਗੀਆਂ।