ਕੈਪਟਨ ਸਾਬ੍ਹ, ਅਪਣੇ ਪਿੰਡ ਵਾਸੀਆਂ ਦੀ ਵੀ ਸਾਰ ਲੈ ਲਉ : ਮਹਿਰਾਜ ਵਾਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਾਬ੍ਹ ਅਪਣੇ ਪਿੰਡ ਵਾਸੀਆਂ ਦੀ ਵੀ ਸਾਰ ਲੈ ਲਊ। ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਲੋਕਾਂ ਦਾ। ਸਪੋਕਸਮੈਨ ਨੇ...

Mehraaj Village

ਮਹਿਰਾਜ, 17 ਦਸੰਬਰ (ਜਸਪਾਲ ਪਾਲੀ) : ਕੈਪਟਨ ਸਾਬ੍ਹ ਅਪਣੇ ਪਿੰਡ ਵਾਸੀਆਂ ਦੀ ਵੀ ਸਾਰ ਲੈ ਲਊ। ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਲੋਕਾਂ ਦਾ। ਸਪੋਕਸਮੈਨ ਨੇ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਦਸਿਆ ਕਿ ਜਦੋ 2017 ਵਿਚ ਕੈਪਟਨ ਦੀ ਸਰਕਾਰ ਬਣੀ ਸੀ ਤਾਂ ਪਿੰਡ ਵਿਚ ਦੀਵਾਲੀ ਵਰਗਾ ਮਹੌਲ ਸੀ। ਪਿੰਡ ਵਾਸੀਆਂ ਨੂੰ ਪੂਰੀ ਉਮੀਦ ਸੀ ਕਿ 2002 ਤੋਂ 2007 ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਲ ਖੋਲ੍ਹ ਕੇ ਪਿੰਡ ਦਾ ਵਿਕਾਸ ਕਰਵਾਇਆ ਸੀ ਤੇ ਮਹਿਰਾਜ ਨੂੰ ਨਮੂਨੇ ਦਾ ਪਿੰਡ ਬਣਾਇਆ ਗਿਆ ਸੀ,

ਇਸ ਵਾਰ ਵੀ ਪਿੰਡ ਅੰਦਰ ਸਹੂਲਤਾਂ ਵਿਚ ਵਾਧਾ ਹੋਵੇਗਾ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ 2017 ਤੋਂ ਕੁਝ ਸਮਾਂ ਬਾਅਦ ਐਸੀ ਹਾਲਤ ਹੋਈ ਕਿ ਨਮੂਨੇ ਦਾ ਪਿੰਡ ਅੱਜ ਅਪਣੀ ਤਰਸਯੋਗ ਹਾਲਤ 'ਤੇ ਹੰਝੂ ਵਹਾ ਰਿਹਾ ਹੈ। ਇਸ ਸਬੰਧੀ ਕਾਂਗਰਸੀ ਆਗੂ ਨਿੰਰਯਣ ਸਿੰਘ, ਮਿੱਠੂ ਵੈਦ ਅਜੈਕਟ ਮੈਂਬਰ ਆਲ ਇੰਡੀਆ ਜਾਟ ਮਹਾ ਸਭਾ, ਸਾਬਕਾ ਸਰਪੰਚ ਗਰਮੇਲ ਸਿੰਘ ਤੇ ਨੈਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਦਸਿਆ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਜਿੱਤ ਤੋਂ ਬਾਅਦ ਪਿੰਡ ਦੇ ਵਿਕਾਸ ਵਲ ਕੋਈ ਧਿਆਨ ਨਹੀਂ ਦਿਤਾ ਤੇ ਨਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਦੀ ਸਾਰ ਲੈਣ ਆਇਆ।

ਪਿੰਡ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਹਮੇਸ਼ਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਸੀਵਰੇਜ਼ ਦਾ ਗੰਦਾ ਪਾਣੀ ਗਲੀਆਂ ਵਿਚ ਭਰਿਆ ਰਹਿਣ ਕਾਰਨ ਗਲੀਆਂ ਛੱਪੜ ਦਾ ਰੂਪ ਧਾਰਨ ਕਰ ਚੱਕੀਆਂ ਹਨ। ਸਿਹਤ ਸਹੂਲਤਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਿੰਡ ਅੰਦਰ ਭਾਂਵੇ ਹਸਪਤਾਲ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ ਪਰ ਡਾਕਟਰਾਂ, ਸਟਾਫ਼ ਤੇ ਜ਼ਰੂਰੀ ਮਸ਼ੀਨਾਂ ਦੀ ਘਾਟ ਕਾਰਨ ਮਜਬੂਰੀ ਵੱਸ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ

ਭਾਂਵੇ ਪਿੰਡ ਦੇ ਸੀਵਰੇਜ ਤੇ ਵਾਟਰ ਸਪਲਾਈ ਲਈ 7 ਕਰੋੜ ਰੁਪਏ ਮਨਜ਼ੂਰ ਹੋਣ ਦੇ ਕਈ ਮਹੀਨਿਆਂ ਪਹਿਲਾਂ ਚਰਚੇ ਸਨ ਪਰ ਇਹ 7 ਕਰੋੜ ਕਦੋਂ ਪਿੰਡ ਦੇ ਹਾਲਾਤ ਸੁਧਾਰੇਗਾ ਇਹ ਤਾਂ ਸਮਾਂ ਦਸੇਗਾ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪਿੰਡ ਦੇ ਹਾਲਾਤ ਸੁਧਾਰੇ ਜਾਣ।