ਪੰਜਾਬ 'ਚ ਦੋ ਨਵੀਆਂ 'ਸੈਕੁਲਰ' ਸਿਆਸੀ ਪਾਰਟੀਆਂ ਹੋਂਦ ਵਿਚ ਆਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢੇ ਅਕਾਲੀ ਆਗੂਆਂ ਵਲੋਂ ਅੱਜ ਨਵੀਂ ਪਾਰਟੀ 'ਸ਼੍ਰੋਮਣੀ ਅਕਾਲੀ ਦਲ (ਟਕਸਾਲੀ)' ਦੇ ਗਠਨ ਦਾ...

Taksali Dal

ਅੰਮ੍ਰਿਤਸਰ, 17 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢੇ ਅਕਾਲੀ ਆਗੂਆਂ ਵਲੋਂ ਅੱਜ ਨਵੀਂ ਪਾਰਟੀ 'ਸ਼੍ਰੋਮਣੀ ਅਕਾਲੀ ਦਲ (ਟਕਸਾਲੀ)' ਦੇ ਗਠਨ ਦਾ ਐਲਾਨ ਕਰ ਦਿਤਾ ਗਿਆ ਹੈ। ਸ. ਰਣਜੀਤ ਸਿੰਘ ਬ੍ਰਹਮਪੁਰਾ ਐਮ.ਪੀ. ਇਸ ਦੇ ਪ੍ਰਧਾਨ ਹੋਣਗੇ। ਇਹ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਉਪਰੰਤ ਕੀਤਾ ਗਿਆ। ਅਰਦਾਸ ਭਾਈ ਧਰਮ ਸਿੰਘ ਨੇ ਕੀਤੀ। ਬ੍ਰਹਮਪੁਰਾ ਦਾ ਨਾਮ ਸੇਵਾ ਸਿੰਘ ਸੇਖਵਾਂ ਨੇ ਪੇਸ਼ ਕੀਤਾ।  ਤਾਈਦ ਡਾ. ਰਤਨ ਸਿੰਘ ਅਤੇ ਤਾਈਦ ਮਜ਼ੀਦ, ਉਜਾਗਰ ਸਿੰਘ ਬਡਾਲੀ ਨੇ ਕੀਤੀ। 

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਅਕਾਲੀ ਦਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ 'ਤੇ ਚੱਲੇਗਾ। ਪਾਰਟੀ ਦਾ ਢਾਂਚਾ ਨਵੇਂ ਸਾਲ 13 ਅਪ੍ਰੈਲ ਤਕ ਮੁਕੰਮਲ ਕਰ ਲਿਆ ਜਾਵੇਗਾ। ਲੋਕ ਸਭਾ ਚੋਣਾਂ ਬਾਰੇ ਪੁੱਛਣ 'ਤੇ ਬ੍ਰਹਮਪੁਰਾ ਨੇ ਕਿਹਾ ਕਿ ਇਸਦਾ ਫ਼ੈਸਲਾ ਨਵੀਂ ਪਾਰਟੀ ਦੀ ਕਾਰਜਕਾਰਨੀ ਕਰੇਗੀ, ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਬਹੁਤ ਢਾਹ ਲਾਈ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਕੀਤਾ।

ਸਾਡਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਨਿਰੋਲ ਧਰਮੀ ਅਤੇ ਧਾਰਮਕ ਵਿਸ਼ਿਆ ਤਕ ਸੀਮਤ ਕਰੇਗਾ। ਇਸ ਦਾ ਉਮੀਦਵਾਰ ਜਾਂ ਮੈਂਬਰ ਵਿਧਾਨ ਸਭਾ ਸਾਂਸਦ ਲਈ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਇਹ ਅਕਾਲੀ ਦਲ ਸ੍ਰੀ ਆਨੰਦਪੁਰ ਦੇ ਮਤੇ ਅਨੁਸਾਰ ਭਾਰਤ ਅੰਦਰ ਸਹੀ ਫ਼ੈਡਰਲ ਢਾਂਚੇ ਅਤੇ ਸ਼ਕਤੀਆਂ ਦੇ ਵਿਕੇਂਦਰੀਕਰਨ ਦੀ ਤਰਜਮਾਨੀ ਕਰੇਗਾ। ਦਰਿਆਈ ਹੈੱਡਵਰਕਸਾਂ ਅਤੇ ਪੰਜਾਬ ਦੇ ਅਧਿਕਾਰਾਂ ਲਈ ਸੰਘਰਸ਼ ਕਰਾਂਗੇ। ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰੇਗਾ।

ਉਨ੍ਹਾਂ ਦੀ ਸਰਕਾਰ ਬਣਨ 'ਤੇ ਐਸ.ਸੀ, ਬੀਸੀ ਇਸਾਈ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਉਨ੍ਹਾਂ ਦੀ ਰੇਸ਼ੋ ਅਨੁਸਾਰ ਸਰਕਾਰ ਵਿਚ ਪ੍ਰਤੀਨਿਧਤਾ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸਾਡਾ ਅਕਾਲੀ ਦਲ ਸੱਤਾ ਵਿਚ ਆਉਂਦਾ ਹੈ ਤਾਂ ਘਟ ਗਿਣਤੀਆਂ ਦਾ ਪ੍ਰਤੀਨਿਧ ਉਪ ਮੁੱਖ ਮੰਤਰੀ ਵਜੋਂ ਨਿਯੁਕਤ ਕਰਾਂਗੇ। ਰਵਿੰਦਰ ਸਿੰਘ ਬ੍ਰਹਮਪੁਰਾ ਤੇ ਕੁੱਝ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਦਫ਼ਤਰ ਵਿਚ ਜਾਣ ਦਾ ਯਤਨ ਕੀਤਾ। ਪਰ ਦਫ਼ਤਰ ਦੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅੰਦਰੋਂ ਦਰਵਾਜ਼ਾ ਬੰਦ ਕਰ ਦਿਤਾ।

ਇਸ ਸਮੇਂ 'ਤੇ ਮਨਮੋਹਨ ਸਿੰਘ ਸਠਿਆਲਾ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਤਿੰਨੇ ਸਾਬਕਾ ਵਿਧਾਇਕ, ਮਹਿੰਦਰ ਸਿੰਘ ਹੁਸੈਨਪੁਰਾ, ਕੁਲਦੀਪ ਸਿੰਘ ਤੇੜਾ, ਬਲਵਿੰਦਰ ਸਿੰਘ ਵੇਂਈਪੁਰ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ ਮੱਖਣ ਸਿੰਘ ਜਿਲ੍ਹਾ ਫਰੀਦਕੋਟ, ਹਰਬੰਸ ਸਿੰਘ ਮੰਝਪੁਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਦੀਪ ਸਿੰਘ ਵਾਲੀਆ,  ਕੈਪਟਨ ਅਜੀਤ ਸਿੰਘ ਰੰਘਰੇਟਾ, ਹਰਦਿਆਲ ਸਿੰਘ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਕਲਕੱਤਾ  ਅਤੇ ਹੋਰ ਆਗੂ ਵੀ ਪੁੱਜੇ ਹੋਏ ਸਨ।