ਨਾਗਰਿਕਤਾ ਸੋਧ ਕਾਨੂੰਨ ਦਾ ਸਿੱਖਾਂ ਨੂੰ ਹੋਵੇਗਾ ਭਾਰੀ ਫ਼ਾਇਦਾ : ਹਰਸਿਮਰਤ ਕੌਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲ੍ਹਾ ਵਿਕਾਸ 'ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪਹੁੰਚੇ ਸਨ ਬਠਿੰਡਾ

Photo

ਬਠਿੰਡਾ : ਬਠਿੰਡਾ ਪੱਟੀ ਲਈ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬਹੁਮੰਤਵੀਂ ਏਮਜ਼ ਪ੍ਰਾਜੈਕਟ ਦਾ ਸੁਪਨਾ ਆਗਾਮੀ 23 ਦਸੰਬਰ ਨੂੰ ਹਕੀਕਤ ਵਿਚ ਆ ਜਾਵੇਗਾ। ਇਸ ਪ੍ਰਾਜੈਕਟ ਦਾ ਉਦਘਾਟਨ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਪੁੱਜ ਰਹੇ ਹਨ। ਇਹ ਖੁਲਾਸਾ ਬਠਿੰਡਾ ਪੁੱਜੀ ਕੇਂਦਰੀ ਮੰਤਰੀ ਤੇ ਇਥੋਂ ਮੈਂਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਨੇ ਕੀਤਾ। ਉਹ ਇਥੇ ਜ਼ਿਲ੍ਹਾ ਵਿਕਾਸ 'ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਪੁੱਜੇ ਹੋਏ ਸਨ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਨੇ ਦਾਅਵਾ ਕੀਤਾ ਕਿ ਏਮਜ਼ ਵਿਚ ਚੱਲਣ ਵਾਲੀਆਂ 12 ਓਪੀਡੀਜ ਵਿਚੋਂ 9 ਦਾ ਸਟਾਫ਼ ਪੂਰਾ ਹੋ ਚੁੱਕਾ ਹੈ ਅਤੇ ਉਦਘਾਟਨ ਤੋਂ ਬਾਅਦ ਇਨ੍ਹਾਂ ਨੂੰ ਲੋਕਾਂ ਲਈ ਸ਼ੁਰੂ ਕਰ ਦਿਤਾ ਜਾਵੇਗਾ। ਕੇਂਦਰੀ ਮੰਤਰੀ ਨੇ ਇਹ ਵੀ ਦਸਿਆ ਕਿ ਹਾਲੇ ਸ਼ੁਰੂਆਤੀ ਦੌਰ 'ਚ ਏਮਜ਼ ਵਿਖੇ ਸਾਰੀਆਂ ਸਹੂਲਤਾਂ ਨਹੀਂ ਮਿਲਣਗੀਆਂ 'ਤੇ ਨਾਲ-ਨਾਲ ਕੰਮ ਵੀ ਚੱਲਦਾ ਰਹੇਗਾ ਤੇ ਇਹ ਕੰਮ ਜੂਨ 2020 ਤਕ ਪੂਰਾ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਦ ਇਸਦਾ ਕੰਮ ਪੂਰਾ ਮੁਕੰਮਲ ਹੋ ਜਾਵੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੇ ਪੁਜਣਗੇ।

ਇਸ ਮੌਕੇ ਬੀਬੀ ਬਾਦਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਟਕਸਾਲੀਆਂ ਨਾਲ ਜਾਣ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਹਮੇਸ਼ਾ ਵਿਰੋਧੀਆਂ ਵਲੋਂ ਬਾਦਲ ਪਰਵਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਡਟ ਕੇ ਸਟੈਂਡ ਲੈਂਦਿਆ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਇਸਦੇ ਨਾਲ ਸਿੱਖਾਂ ਨੂੰ ਵੱਡੀ ਰਾਹਤ ਪੁੱਜੇਗੀ, ਕਿਉਂਕਿ ਪਾਕਿਸਤਾਨ, ਅਫ਼ਗਾਨਿਸਤਾਨ ਆਦਿ ਮੁਲਕਾਂ ਵਿਚੋਂ ਆਏ ਸਿੱਖਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਸੀ।

ਮੁਸਲਮਾਨਾਂ ਬਾਰੇ ਪੁੱਛੇ ਜਾਣ 'ਤੇ ਬੀਬੀ ਨੇ ਕਿਹਾ ਕਿ ਬੇਸ਼ੱਕ ਉਕਤ ਤਿੰਨੇ ਦੇਸ਼ ਮੁਸ਼ਲਮਾਨ ਬਹੁਲਤਾ ਵਾਲੇ ਹਨ ਪ੍ਰੰਤੂ ਫ਼ਿਰ ਵੀ ਜੇਕਰ ਕਿਸੇ ਮੁਸ਼ਲਮਾਨ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਭਾਰਤ ਵਲੋਂ ਉਸਨੂੰ ਨਾਗਰਿਕਤਾ ਦਿਤੀ ਜਾਂਦੀ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ, ਗਿੱਦੜਬਹਾ ਤੋਂ ਡਿੰਪੀ ਢਿੱਲੋਂ, ਇਕਬਾਲ ਸਿੰਘ ਬਬਲੀ ਢਿੱਲੋਂ, ਯੂਥ ਆਗੂ ਬਲਕਾਰ ਸਿੰਘ ਬਰਾੜ, ਮੇਅਰ ਬਲਵੰਤ ਰਾਏ ਨਾਥ, ਯੂਥ ਪ੍ਰਧਾਨ ਗਰਦੌਰ ਸਿੰਘ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ ਆਦਿ ਹਾਜ਼ਰ ਸਨ।