ਮੇਰੀ ਤੇ ਚੰਨੀ ਦੀ ਬਲਦਾਂ ਦੀ ਜੋੜੀ ਪੰਜਾਬ ਨੂੰ ਰਲ ਕੇ ਲਿਜਾਵਾਂਗੇ ਖ਼ੁਸ਼ਹਾਲੀ ਵਲ : ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਮੇਰੀ ਤੇ ਚੰਨੀ ਦੀ ਬਲਦਾਂ ਦੀ ਜੋੜੀ ਪੰਜਾਬ ਨੂੰ ਰਲ ਕੇ ਲਿਜਾਵਾਂਗੇ ਖ਼ੁਸ਼ਹਾਲੀ ਵਲ : ਸਿੱਧੂ

image

ਰਾਏਕੋਟ, 16 ਦਸੰਬਰ (ਜਸਵੰਤ ਸਿੰਘ ਸਿੱਧੂ) : ਆਗਾਮੀ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ’ਚ ਯੂਥ ਆਗੂ ਕਾਮਿਲ ਬੋਪਾਰਾਏ ਦੇ ਹੱਕ ’ਚ ਸਥਾਨਕ ਅਨਾਜ ਮੰਡੀ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸੂਬਾ ਕਾਰਜਕਾਰੀ ਪ੍ਰਧਾਨ ਕਲਜੀਤ ਸਿੰਘ ਨਾਗਰਾ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ। 
ਰੈਲੀ ’ਚ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਪਣੇ ਜਾਣੇ ਪਛਾਣੇ ਅੰਦਾਜ਼ ਵਿਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੰਜਾਬ ਸੂਬੇ ਨੂੰ ਖ਼ੁਸ਼ਹਾਲ ਬਣਉੁਣ ਲਈ ਕੋਈ ਵੀ ਏਜੰਡਾਂ ਨਹੀਂ ਹੈ ਅਤੇ ਉਹ ਕੇਵਲ ਫੋਕੇ ਐਲਾਨ ਕਰ ਕੇ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਮੈਂ ਦੋਵੇਂ ਬਲਦਾਂ ਦੀ ਜੋੜੀ ਵਾਂਗ ਹਾਂ, ਜੋ ਪੰਜਾਬ ਨੂੰ ਖ਼ੁਸ਼ਹਾਲੀ ਵਲ ਲੈ ਕੇ ਜਾਵਾਂਗੇ
  ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਲਈ ਉਹ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟਾਂ ਵਿਚ ਕਮੀ, ਪਾਣੀ ਦੇ ਬਿਲ ਅੱਧੇ ਕਰਨ ਤੋਂ ਇਲਾਵਾ ਰੇਤ ਅਤੇ ਕੇਬਲ ਮਾਫ਼ੀਏ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਖ਼ੁਸ਼ਹਾਲ ਬਣਾਉਣ ਲਈ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਸਿੱਧੂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ ਲਈ ਸਾਡੀ ਸਰਕਾਰ ਵਲੋਂ ਜਿਸ ਫ਼ਸਲ ਨੂੰ ਬੀਜਣ ਦੀ ਤਜ਼ਵੀਜ ਕੀਤੀ ਜਾਵੇਗੀ, ਉਸ ਫ਼ਸਲ ਨੂੰ ਪੂਰੇ ਮੁੱਲ ’ਤੇ ਖ੍ਰੀਦਣ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਲਵੇਗੀ ਅਤੇ ਐਮ.ਐਸ.ਪੀ ਨੂੰ ਕਾਨੂੰਨੀ ਦਰਜਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ‘ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ’ ਉਨ੍ਹਾਂ ਕਿਹਾ ਕਿ ਇਸ ਧਰਤੀ ’ਤੇ ਡਾਇਨਾਸੋਰ ਦੁਬਾਰਾ ਆ ਸਕਦੇ ਹਨ ਪਰ ਅਕਾਲੀਆਂ ਦੀ ਸਰਕਾਰ ਨਹੀਂ ਆਵੇਗੀ।
  ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਦੀ ਅਗਵਾਈ ’ਚ ਰਾਏਕੋਟ ਹਲਕੇ ਵਿਚ ਪੰਜ ਸੌ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਿਆਸਤ ਵਿਚ ਬਦਲਾਅ ਅਤੇ ਪੰਜਾਬ ਮਾਡਲ ਬਣਾਉਣ ਲਈ ਨੌਜਵਾਨ ਵਰਗ ਨੂੰ ਸਿਆਸਤ ਵਿਚ ਆਉਣ ਦਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਆਗੂ ਕਾਮਿਲ ਬੋਪਰਾਏ ਨੂੰ ਜਿਤਾ ਕੇ ਵਿਧਾਨਸਭਾ ਵਿਚ ਭੇਜਣ ਤਾਂ ਜੋ ਨੌਜਵਾਨਾਂ ਨੂੰ ਰਾਜਨੀਤੀ ਵਿਚ ਅੱਗੇ ਆਉਣ ਦਾ ਮੌਕਾ ਮਿਲ ਸਕੇ। 
  ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਅਤ ਨਾਲ ਸਬੰਧਤ ਮੁੱਦੇ ਲਗਾਤਾਰ ਸੰਸਦ ਵਿੱਚ ਉਠਾ ਰਹੇ ਹਨ ਅਤੇ ਅੱਗੇ ਵੀ ਉਠਾਉਂਦੇ ਰਹਿਣਗੇ। ਰੈਲੀ ਦੇ ਅੰਤ ਵਿਚ ਨੌਜਵਾਨ ਆਗੂ ਕਾਮਿਲ ਬੋਪਾਰਾਏ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਆਏ ਹੋਏ ਸਮੁੱਚੀ ਪਾਰਟੀ ਲਾਡਰਸ਼ਿਪ ਅਤੇ ਕਾਂਗਰਸੀ ਵਰਕਰਾਂ ਦਾ ਰੈਲੀ ਨੂੰ ਸਫ਼ਲ ਬਣਾਉਣ ਲਈ ਧਨਵਾਦ ਕੀਤਾ ਗਿਆ।

ਪੰਜਾਬ ਮਾਡਲ ਨਾਲ ਖ਼ੁਸ਼ਹਾਲ ਹੋਵੇਗਾ ਸੂਬਾ
ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਰੇਤੇ ਸ਼ਰਾਬ ਆਦਿ ਦੀ ਚੋਰੀ ਰੋਕ ਕੇ ਕਾਰਪੋਰੇਸ਼ਨਾਂ ਬਣਾ ਕੇ ਆਮਦਨ ਦੇ ਸਾਧਨਾ ਵਿਚ ਵਾਧਾ ਕੀਤਾ ਜਾਵੇਗਾ, ਤਾਂ ਜੋ ਪੰਜਾਬ ਮਾਡਲ ਸਾਕਾਰ ਕੀਤਾ ਜਾ ਸਕੇ। ਨਵਾਂ ਪੰਜਾਬ ਮਾਡਲ ਉਸ ਸਮੇਂ ਮੰਨਿਆ ਜਾਵੇਗਾ ਜਦੋਂ ਪੰਜਾਬ ’ਚ ਟੋਲ ਪਲਾਜੇ ਖਤਮ ਹੋਣਗੇ, ਗਰੀਬਾਂ ਲਈ ਇਲਾਜ ਮੁਫਤ ਹੋਵੇਗਾ ਤੇ ਸਰਕਾਰੀ ਸਕੂਲਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਦੀ ਬੇਹਤਰੀ ਲਈ ਪਾਕਿਸਤਾਨ ਨਾਲ ਖੁਲ੍ਹੇ ਵਪਾਰ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ ਜੇ ਇਹ ਹੋ ਜਾਂਦਾ ਹੈ ਤਾਂ ਪੰਜਾਬ ਦੀ ਕਣਕ ਵੀ 3200 ਰੁਪਏ ਬਾਸਮਤੀ 7200 ਰੁਪਏ ਦੇ ਭਾਅ ਵਿਕੇਗੀ। 
                      
ਫੋਟੋ ਫਾਇਲ : 16ਰਾਏਕੋਟ01 
ਫੋਟੋ ਫਾਈਲ : 16ਰਾਏਕੋਟ02

ਕੈਪਸ਼ਨ : ਰੈਲੀ ਦੌਰਾਨ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਡਾ. ਅਮਰ ਸਿੰਘ, ਕੈਬਨਿਟ ਮੰਤਰੀ ਗੁਰਕੀਰਤ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਅਤੇ ਹੋਰ।