ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ 85 ਫ਼ੀਸਦੀ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ’ਚ ਆਏ : ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

71 ਜ਼ੋਨਾਂ ਦੇ ਆਏ ਨਤੀਜਿਆਂ ’ਚੋਂ 60 ਜ਼ੋਨਾਂ ’ਚ ‘ਆਪ’ ਨੇ ਜਿੱਤ ਕੀਤੀ ਦਰਜ

85 percent results of Zila Parishad elections came in favor of Aam Aadmi Party: Aman Arora

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਚੰਡੀਗੜ੍ਹ ’ਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਜਾਬ ਵਿੱਚ ਆਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ । ਅਮਨ ਅਰੋੜਾ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਪੰਜਾਬ ਦੇ ਲੋਕਾਂ ਵੱਲੋਂ ਪੂਰੀ ਅਮਨ-ਸ਼ਾਂਤੀ ਨਾਲ ਵੋਟਾਂ ਪਾਈਆਂ ਗਈਆਂ ਜਿਨ੍ਹਾਂ ਦੇ ਨਤੀਜੇ ਅੱਜ ਆ ਰਹੇ ਹਨ। ਹੁਣ ਤੱਕ ਦੇ ਆਏ ਚੋਣ ਨਤੀਜਿਆਂ ਤੋਂ ਪੰਜਾਬ ਅੰਦਰ ਇਕ ਪਾਸੜ ਮਾਹੌਲ ਵੇਖਣ ਨੂੰ ਮਿਲਿਆ ਹੈ । ਜਿਸ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਸਾਰੇ ਵਰਕਰਾਂ-ਵਾਲੰਟੀਅਰਾਂ ਨੂੰ ਵਧਾਈ ਦਿੰਦਾ ਹਾਂ । ਜਿਨ੍ਹਾਂ ਦੀ ਅਣਥੱਕ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਦਾ ਝੁਕਾਅ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵੱਲ ਦਿਖਾਈ ਦਿੱਤਾ। 
ਅਮਨ ਅਰੋੜਾ ਨੇ ਦੱਸਿਆ ਪ੍ਰੈਸ ਕਾਨਫਰੰਸ ਕੀਤੇ ਜਾਣ ਤੱਕ ਪੰਜਾਬ ਜ਼ਿਲ੍ਹਾ ਪ੍ਰੀਸ਼ਦ ਦੇ 354 ਜ਼ੋਨਾਂ ਵਿੱਚੋਂ 71 ਜ਼ੋਨਾਂ ਦੇ ਨਤੀਜੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 60 ’ਤੇ ਆਮ ਆਦਮੀ ਪਾਰਟੀ ਪਾਰਟੀ ਜਿੱਤ ਚੁੱਕੀ ਹੈ, ਜਦਕਿ 7 ਕਾਂਗਰਸ, ਅਕਾਲੀ ਦਲ 2 ਜਦਕਿ ਆਜ਼ਾਦ ਅਤੇ ਭਾਜਪਾ 1-1 ਜ਼ੋਨ ’ਤੇ ਜਿੱਤ ਚੁੱਕੇ ਹਨ।
ਇਸੇ ਤਰ੍ਹਾਂ 1875 ਦੇ ਨਤੀਜੇ ਬਲਾਕ ਸੰਮਤੀ ਦੇ ਆਏ ਹਨ ਜਿਨ੍ਹਾਂ ਵਿੱਚੋਂ 867 ’ਤੇ ਆਮ ਆਦਮੀ ਪਾਰਟੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ, ਜਦਿਕ ਕਾਂਗਰਸ ਪਾਰਟੀ 216 ਬਲਾਕਾਂ ਵਿੱਚ, ਅਕਾਲੀ ਦਲ 129, ਭਾਜਪਾ 20 ਬਲਾਕਾਂ ਵਿਚ ਜਿੱਤ ਚੁੱਕੀ ਹੈ। ਅਮਨ ਅਰੋੜਾ ਨੇ ਦੱਸਿਆ ਬਲਾਕ ਸੰਮਤੀ ਦੇ ਆਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ  68 ਬਲਾਕਾਂ ’ਤੇ ਜਿੱਤ ਹਾਸਲ ਕਰ ਲਈ ਹੈ। 
ਅਰੋੜਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ  ਚੰਗੇ ਕੰਮਾਂ ਨੂੰ ਦੇਖਦੇ ਹੋਏ ਜਿੱਤ ’ਤੇ ਮੋਹਰ ਲਗਾਈ ਗਈ ਹੈ। ਅਮਨ ਅਰੋੜਾ ਨੇ ਲੋਕਲ ਬਾਡੀ ਦੀਆਂ ਚੋਣਾਂ ਦੇ ਇਤਿਹਾਸ ਵਿਚ ਹੋਈਆਂ ਚੋਣਾਂ ਨੂੰ ਹੁਣ ਵਾਲੀਆਂ ਚੋਣਾਂ ਨੂੰ ਸਭ ਤੋਂ ਵੱਧ ਸ਼ਾਂਤਮਈ ਚੋਣਾਂ ਦੱਸਿਆ ਅਤੇ ਉਨ੍ਹਾਂ ਇਸ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਦਿੱਤਾ।