ਪੰਜਾਬ ਅਤੇ ਚੰਡੀਗੜ੍ਹ 'ਚ ਬੀਜੇਪੀ-ਅਕਾਲੀ ਗਠਜੋੜ ਕਾਇਮ ਰਹੇਗਾ : ਕੈਪਟਨ ਅਭਿਮਨਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਂਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਅਤੇ ਚੋਣ ਨੀਤੀ ਘੜਨ ਵਾਸਤੇ ਚੰਡੀਗੜ੍ਹ ਯੂ.ਟੀ. ਤੇ ਪੰਜਾਬ ਵਾਸਤੇ ਨਿਯੁਕਤ ਕੀਤੇ ਬੀਜੇਪੀ ਦੇ ਇੰਚਾਰਜ....

BJP Incharge Abhimanyu

ਚੰਡੀਗੜ੍ਹ : ਆਉਂਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਅਤੇ ਚੋਣ ਨੀਤੀ ਘੜਨ ਵਾਸਤੇ ਚੰਡੀਗੜ੍ਹ ਯੂ.ਟੀ. ਤੇ ਪੰਜਾਬ ਵਾਸਤੇ ਨਿਯੁਕਤ ਕੀਤੇ ਬੀਜੇਪੀ ਦੇ ਇੰਚਾਰਜ ਤੇ ਸੀਨੀਅਰ ਨੇਤਾ ਕੈਪਟਨ ਅਭਿਮਨਿਊ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸਰਹੱਦੀ ਸੂਬੇ ਅੰਦਰ 3-10 ਸੀਟਾਂ ਦਾ ਅਨੁਪਾਤ ਕਾਇਮ ਰਹੇਗਾ, ਬੀਜੇਪੀ ਅਕਾਲੀ ਗਠਜੋੜ ਨਹੀਂ ਹਿੱਲੇਗਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਸੀਟਾਂ ਨੂੰ ਹਿਲਾਇਆ ਨਹੀਂ ਜਾਵੇਗਾ ਅਤੇ ਬੀਜੇਪੀ ਸਫ਼ਾਂ ਅੰਦਰ ਇਕੱਲਿਆਂ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ।

ਅੱਜ ਇਥੇ ਸੈਕਟਰ-37 ਦੇ ਬੀਜੇਪੀ ਪੰਜਾਬ ਦੇ ਮੁੱਖ ਦਫ਼ਤਰ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਇਸ ਸੀਨੀਅਰ ਮੰਤਰੀ ਤੇ ਕੇਂਦਰੀ ਹਾਈ ਕਮਾਂਡ ਵਲੋਂ ਥਾਪੇ ਇਸ ਸਿਰਕੱਢ ਆਗੂ ਕੈਪਟਨ ਅਭਿਮਨਿਊ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਦੇ ਵਿਕਾਸ ਬਾਰੇ ਦਿਲ ਖੋਲ੍ਹ ਕੇ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਵਾਸਤੇ ਗ੍ਰਾਂਟ ਦਾ ਐਲਾਨ ਕੀਤਾ ਤੇ ਹੁਣ ਕਰਤਾਰਪੁਰ ਸਾਹਿਬ ਦੇ ਗੁਰਦਵਾਰੇ ਵਾਸਤੇ ਲਾਂਘੇ ਲਈ ਜੀਅ ਤੋੜ ਮਿਹਨਤ ਅਤੇ ਸਹਿਯੋਗ ਦਿਤਾ ਜਾ ਰਿਹਾ ਹੈ।

ਬੀਜੇਪੀ ਮਾਮਲਿਆਂ ਦੇ ਇੰਚਾਰਜ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਵੇਂ ਪੰਜਾਬ ਅੰਦਰ ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਧਾਰਮਕ ਬੇਅਦਬੀ ਦੇ ਮਾਮਲਿਆਂ ਤੇ ਕਾਂਗਰਸ ਸਰਕਾਰ ਦੀ ਸਿਆਸੀ ਕੁਟਲਨੀਤੀ ਦਾ ਸ਼ਿਕਾਰ ਹੋਈ ਹੈ ਪਰ ਬੀਜੇਪੀ ਨਾ ਤਾਂ ਸਿੱਖ ਕੌਮ ਨਾਲ ਨਾਤਾ ਤੋੜੇਗੀ, ਨਾ ਹੀ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰੇਗੀ ਅਤੇ ਨਾ ਹੀ ਇਸ ਨਾਜ਼ੁਕ ਮਾਮਲੇ ਵਿਚ ਹਿੱਸਾ ਲਵੇਗੀ ਬਲਕਿ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਸਿੱਖ ਧਾਰਮਕ ਭਾਵਨਾਵਾਂ ਦੀ ਕਦਰ ਕਰਦੀ ਹੋਈ ਹਮੇਸ਼ਾ ਬਣਦੀ ਮਦਦ ਕਰੇਗੀ।

ਕਾਂਗਰਸ 'ਤੇ ਵਰ੍ਹਦੇ ਹੋਏ ਇਸ ਸੀਨੀਅਰ ਨੇਤਾ ਨੇ ਸਪਸ਼ਟ ਕੀਤਾ ਕਿ ਬੀਜੇਪੀ ਦੀ    ਕੇਂਦਰੀ ਸਰਕਾਰ ਵੇਲੇ ਹੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਤੇ ਹੋਰਨਾਂ ਨੂੰ ਜੇਲ ਵਿਚ ਸੁੱਟਿਆ ਹੈ ਜਦੋਂ ਕਿ ਕਾਂਗਰਸ ਅਜੇ ਵੀ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਹਤਿਆਰਿਆਂ ਨੂੰ ਮਾਣ ਸਤਿਕਾਰ ਲਗਾਤਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਰੁਧ ਲੋਕਾਂ ਵਿਚ ਚੁੱਪ ਚੁੱਪੀਤੇ ਗੁੱਸਾ ਬਹੁਤ ਹੈ ਜੋ ਲੋਕ ਸਭਾ ਚੋਣਾਂ ਵੇਲੇ ਬਾਹਰ ਆਵੇਗੀ।

ਕੈਪਟਨ ਅਭਿਮਨਿਊ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਮੁੱਖ ਮੁੱਦਾ ਪਿਛਲੇ ਸਾਢੇ ਚਾਰ ਸਾਲਾਂ ਵਿਚ ਮੋਦੀ ਸਰਕਾਰ ਦੀਆਂ ਆਰਥਕ, ਸਮਾਜਕ ਸੁਰੱਖਿਆ ਮਾਮਲਿਆਂ ਵਿਚ ਕੀਤੀਆਂ ਪ੍ਰਾਪਤੀਆਂ ਨੂੰ ਬਣਾਇਆ ਜਾਵੇਗਾ ਅਤੇ ਲੋਕਾਂ ਵਿਚ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਸਫ਼ਾਂ ਅੰਦਰ ਬਣਾਈਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ।