ਅਪਣੇ ਬਾਰੇ ਸਹੀ ਜਾਣਕਾਰੀ ਨਾ ਦੇ ਕੇ ਮੇਅਰ ਪਦ ਦੇ ਉਮੀਦਵਾਰ ਰਾਜੇਸ਼ ਕਾਲੀਆ ਕਸੂਤੇ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਦੇ ਮੇਅਰ ਲਈ ਭਾਜਪਾ ਦੇ ਉਮੀਦਵਾਰ ਰਾਜੇਸ਼ ਕੁਮਾਰ ਕਾਲੀਆ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਭਰੇ ਫ਼ਾਰਮ....

Mayoral candidate Rajesh Kalia

ਚੰਡੀਗੜ੍ਹ : ਨਗਰ ਨਿਗਮ ਦੇ ਮੇਅਰ ਲਈ ਭਾਜਪਾ ਦੇ ਉਮੀਦਵਾਰ ਰਾਜੇਸ਼ ਕੁਮਾਰ ਕਾਲੀਆ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਸਮੇਂ ਭਰੇ ਫ਼ਾਰਮ 'ਚ ਰਿਟਰਨਿੰਗ ਅਧਿਕਾਰੀ ਸਾਹਮਣੇ ਅਪਣੇ 'ਤੇ ਭ੍ਰਿਸ਼ਟ ਗਤੀਵਿਧੀਆਂ ਸਬੰਧੀ ਜਾਣਕਾਰੀ ਨਾ ਦੇ ਕੇ ਕਸੂਤੀ ਸਥਿਤੀ 'ਚ ਫਸ ਗਏ ਹਨ। ਇਸ ਨਾਲ ਪਾਰਟੀ ਅਤੇ ਮੇਅਰ ਦੀ 18 ਜਨਵਰੀ ਨੂੰ ਹੋਣ ਵਾਲੀ ਪ੍ਰਸ਼ਾਸਨਕ ਚੋਣ ਪ੍ਰਕਿਰਿਆ 'ਤੇ ਵੀ ਡੂੰਘਾ ਅਸਰ ਪਵੇਗਾ। ਸੂਤਰਾਂ ਅਨੁਸਾਰ ਰਾਜੇਸ਼ ਕਾਲੀਆ ਜੇ ਮੇਅਰ ਬਣ ਗਏ ਤਾਂ ਵੀ ਉਨ੍ਹਾਂ ਦਾ ਕਾਰਜਕਾਲ ਚੁਨੌਤੀਆਂ ਭਰਿਆ ਰਹੇਗਾ।

ਜੇ ਕਿਸੇ ਕਾਰਨ ਚੋਣ ਕੋਈ ਹੋਰ ਬਾਗ਼ੀ ਜਿੱਤ ਗਿਆ ਤਾਂ ਵੀ ਰਾਜੇਸ਼ ਕਾਲੀਆ ਦਾ ਕੋਈ ਸਿਆਸੀ ਭਵਿੱਖ ਨਹੀਂ ਬਚੇਗਾ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਪੱਲੇ ਵੀ ਕੁੱਝ ਨਹੀਂ ਰਹੇਗਾ। ਕਾਂਗਰਸ ਕੋਲ ਗੁਆਉਣ ਨੂੰ ਕੁੱਝ ਨਹੀਂ: ਨਗਰ ਨਿਗਮ ਦੇ ਸਦਨ 'ਚ ਭਾਜਪਾ ਕੋਲ 22 ਦੇ ਕਰੀਬ ਕੌਂਸਲਰਾਂ ਅਤੇ ਸੰਸਦ ਮੈਂਬਰ ਸਮੇਤ ਵੋਟਾਂ ਹਨ ਜਦਕਿ ਕਾਂਗਰਸ ਕੋਲ ਸਿਰਫ਼ 4 ਹੀ ਕੌਂਸਲਰ ਹਨ। ਇਸ ਲਈ ਕਾਂਗਰਸ ਭਾਜਪਾ ਦੇ ਕੌਸਲਰਾਂ ਵਲੋਂ ਨਾਰਾਜ਼ਗੀ ਤੇ ਕਰਾਸ ਵੋਟਿੰਗ ਦੀ ਉਮੀਦ ਹੈ ਕਿਉਂਕਿ ਕਾਂਗਰਸ ਵਲੋਂ ਮੇਅਰ ਲਈ ਖੜੀ ਕੀਤੀ ਅਪਣੀ ਉਮੀਦਵਾਰ ਸ਼ੀਲਾ ਦੇਵੀ ਨੂੰ ਮੇਅਰ ਬਣਨ ਲਈ ਕੁਲ 14 ਵੋਟਾਂ ਦੀ ਲੋੜ ਪਵੇਗੀ।

ਸੂਤਰਾਂ ਅਨੁਸਾਰ ਜੇ ਕਾਂਗਰਸ ਦੀ ਉਮੀਦਵਾਰ ਚੋਣ ਹਾਰ ਵੀ ਗਈ ਤਾਂ ਕਾਂਗਰਸ ਦਾ ਕੁੱਝ ਵੀ ਨਹੀਂ ਜਾਵੇਗਾ। ਜੇ ਜਿੱਤ ਗਈ ਤਾਂ ਬੱਲੇ-ਬੱਲੇ ਹੋ ਜੇਵੇਗੀ। ਦੱਸਣਯੋਗ ਹੈ ਕਿ ਕਾਂਗਰਸ ਨੇ ਪਿਛਲੇ ਸਾਲ 2018 'ਚ ਵੀ ਮੇਅਰ ਦਿਵੇਸ਼ ਮੋਦਗਿਲ ਵਿਰੁਧ ਬਤੌਰ ਮੇਅਰ ਉਮੀਦਵਾਰ ਉਤਾਰ ਕੇ ਰਾਜਸੀ ਤਮਾਸ਼ਾ ਵੇਖਿਆ ਸੀ। ਸਤੀਸ਼ ਕੈਂਥ ਆਰ-ਪਾਰ ਦੀ ਲੜਾਈ ਲੜੇਗਾ: ਸਤੀਸ਼ ਕੈਂਥ ਕਾਂਗਰਸ ਛੱਡ ਕੇ ਭਾਵੇਂ ਭਾਜਪਾ ਦੀ ਟਿਕਟ ਤੋਂ ਚੋਣ ਲੜ ਕੇ ਕੌਂਸਲਰ ਬਣੇ ਹਨ ਪਰ ਉਨ੍ਹਾਂ ਦਾ ਵੀ ਚਰਿਤਰ ਸਮਾਜ 'ਚ ਕਾਫ਼ੀ ਮਾੜਾ ਹੀ ਰਿਹਾ ਹੈ। ਉਨ੍ਹਾਂ ਹੱਲੋਮਾਜਰਾ 'ਚ ਇਕ ਵਿਧਵਾ ਔਰਤ ਦਾ ਪਲਾਟ ਦੱਬ ਕੇ ਮਕਾਨ ਦੀ ਉਸਾਰੀ ਕਰ ਲਈ।

ਤਿੰਨ ਮਹੀਨੇ ਦੀ ਸਜ਼ਾ ਵੀ ਕੱਟੀ ਫਿਰ ਜ਼ਮਾਨਤ 'ਤੇ ਰਿਹਾ ਹੋਏ ਸਨ। ਬਾਦ 'ਚ ਮਕਾਨ ਵੀ ਮੁਫ਼ਤ ਦੇਣਾ ਪੈ ਗਿਆ ਕਿਉਕਿ ਕੋਰਟ 'ਚ ਸਮਝੌਤਾ ਕਰ ਲਿਆ ਸੀ। 
ਚੰਡੀਗੜ੍ਹ ਬਾਲਮੀਕੀ ਸਮਾਜ ਕਾਲੀਆ ਦੀ ਮਦਦ 'ਤੇ ਆਇਆ : ਚੰਡੀਗੜ੍ਹ ਬਾਲਮੀਕੀ ਸਮਾਜ ਭਾਜਪਾ ਦੇ ਮੇਅਰ ਲਈ ਉਮੀਦਵਾਰ ਬਣੇ ਰਾਜੇਸ਼ ਕਾਲੀਆ ਦੇ ਹੱਕ 'ਚ ਨਿਤਰ ਪਿਆ ਹੈ।

ਅੱਜ ਇਕ ਪੱਤਰਕਾਰ ਸੰਮੇਲਨ 'ਚ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਤੇ ਸ਼ਾਮ ਲਾਲ ਘਾਵਰੀ ਆਦਿ ਕਈ ਨੇਤਾਵਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਸੋਚ ਸਮਝ ਕੇ ਬਾਲਮੀਕੀ ਸਮਾਜ ਦਾ ਮੇਅਰ ਬਣਾਉਣ ਦਾ ਫੈਸਲਾ ਕੀਤਾ ਹੈ ਪਰ ਹੁਣ ਮੌਕਾ ਨਹੀਂ ਗੁਆਉਣਾ ਚਾਹੀਦਾ। ਉਨਾਂ ਭਾਜਪਾ ਲੀਡਰਸ਼ਿਪ ਦੀ ਸ਼ਲਾਘਾ ਕੀਤੀ।