ਚੰਨੀ ਨੇ ਕੀਤਾ ਧਮਾਕਾ, 'ਆਪ' ਦੇ ਫ਼ਿਰੋਜ਼ਪੁਰ ਦੇ ਉਮੀਦਵਾਰ ਨੂੰ ਕੀਤਾ ਕਾਂਗਰਸ 'ਚ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਚੰਨੀ ਨੇ ਕੀਤਾ ਧਮਾਕਾ, 'ਆਪ' ਦੇ ਫ਼ਿਰੋਜ਼ਪੁਰ ਦੇ ਉਮੀਦਵਾਰ ਨੂੰ ਕੀਤਾ ਕਾਂਗਰਸ 'ਚ ਸ਼ਾਮਲ

IMAGE


'ਆਪ' ਉਮੀਦਵਾਰ ਬਾਂਗੜ ਨੇ ਅੱਜ ਹੀ ਦਿਤਾ ਸੀ ਪਾਰਟੀ ਤੋਂ ਅਸਤੀਫ਼ਾ


ਚੰਡੀਗੜ੍ਹ, 17 ਜਨਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਧਮਾਕਾ ਕਰਦਿਆਂ ਆਮ ਆਦਮੀ ਪਾਰਟੀ ਵਿਚ ਵੱਡੀ ਸੰਨ੍ਹ ਲਾਉਂਦਿਆਂ ਫ਼ਿਰੋਜ਼ਪੁਰ ਦਿਹਾਤੀ ਤੋਂ ਐਲਾਨੇ ਗਏ 'ਆਪ' ਦੇ ਉਮੀਦਵਾਰ ਆਸ਼ੂ ਬਾਂਗੜ ਨੂੰ  ਅਪਣੇ ਪਾਲੇ ਵਿਚ ਲਿਆ ਕੇ ਕਾਂਗਰਸ ਵਿਚ ਸ਼ਾਮਲ ਕਰ ਲਿਆ ਹੈ |
ਜ਼ਿਕਰਯੋਗ ਹੈ ਕਿ ਅੱਜ ਹੀ ਬਾਂਗੜ ਨੇ 'ਆਪ' ਦੀ ਟਿਕਟ ਤੇ ਚੋਣ ਲੜਨ ਤੋਂ ਇਨਕਾਰ ਕਰਦਿਆਂ 'ਆਪ' ਲੀਡਰਸ਼ਿਪ ਉਪਰ ਗੰਭੀਰ ਦੋਸ਼ ਲਾਉਂਦੇ ਹੋਏ ਪਾਰਟੀ ਵਿਚੋਂ ਅਸਤੀਫ਼ਾ ਦੇ ਦਿਤਾ ਸੀ | ਅੱਜ ਦੇਰ ਸ਼ਾਮ ਚੰਡੀਗੜ੍ਹ ਵਿਚ ਬਾਂਗੜ ਨੇ ਮੁੱਖ ਮੰਤਰੀ ਚੰਨੀ ਦੀ ਮੌਜੂਦਗੀ ਵਿਚ ਪੰਜਾਬ ਕਾਂਗਰਸ ਭਵਨ ਪਹੁੰਚ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ | ਇਸ ਮੌਕੇ ਆਲ ਇੰਡੀਆ ਕਾਂਗਰਸ ਵਲੋਂ ਪੰਜਾਬ ਲਈ ਨਿਯੁਕਤ ਮੀਡੀਆ ਇੰਚਾਰਜ ਅਲਕਾ ਲਾਂਬਾ ਵੀ ਮੌਜੂਦ ਸਨ | ਬਾਂਗੜ ਨੇ ਕਾਂਗਰਸ ਵਿਚ ਸ਼ਾਮਲ ਹੋਣ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ 5 ਕਰੋੜ ਦੀ ਮੰਗ ਪੂਰੀ ਨਹੀਂ ਕਰ ਸਕਦੇ ਅਤੇ ਇੰਨੇ ਪੈਸੇ ਖ਼ਰਚ ਕੇ ਚੋਣ ਲੜ ਕੇ ਲੋਕਾਂ ਦੀ ਭਲਾਈ ਦੇ ਕੰਮ ਨਹੀਂ ਹੋ ਸਕਦੇ | ਉਨ੍ਹਾਂ ਕਿਹਾ ਕਿ ਉਹ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਸਤਿਕਾਰ ਕਰਦੇ ਹਨ ਪਰ 'ਆਪ' ਵਿਚ ਪੰਜਾਬ ਦੇ ਆਗੂਆਂ ਦੀ ਕੋਈ ਸੁਣਵਾਈ ਨਹੀਂ ਅਤੇ ਨਾ ਹੀ ਅਪਣਾ ਪੰਜਾਬ ਬਾਰੇ ਵਿਚਾਰ ਕੇਂਦਰੀ ਲੀਡਰਸ਼ਿਪ ਸਾਹਮਣੇ ਰੱਖਣ ਦੀ ਖੁਲ੍ਹ ਹੈ |
ਇਸ ਕਰ ਕੇ ਉਨ੍ਹਾਂ ਸਾਰਾ ਕੁੱਝ ਮਹਿਸੂਸ ਕਰਨ ਬਾਅਦ 'ਆਪ' ਛੱਡਣ ਦਾ ਫ਼ੈਸਲਾ ਲਿਆ ਹੈ | ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਬਾਂਗੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੱਚ ਬੋਲਣ ਦਾ ਹੌਂਸਲਾ ਦਿਖਾਇਆ ਹੈ ਅਤੇ ਕਾਂਗਰਸ ਨੂੰ  ਅਜਿਹੇ ਆਗੂਆਂ ਦੀ ਲੋੜ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹੁਣ ਦਿੱਲੀ ਦੇ ਲੀਡਰਾਂ ਦੇ ਕੰਮਾਂ ਕਾਰਨ ਪੰਜਾਬ ਵਿਚੋਂ 'ਆਪ' ਦਾ ਅਖਾੜਾ ਉਖੜ ਚੁਕਿਆ ਹੈ ਅਤੇ ਪੰਜਾਬ ਦੇ ਲੋਕ ਇਨ੍ਹਾਂ ਨੂੰ  ਪ੍ਰਵਾਨ ਨਹੀਂ ਕਰਨਗੇ | ਮੁੱਖ ਮੰਤਰੀ ਦੇ ਚੇਹਰੇ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਰਾਹੁਲ ਗਾਂਧੀ ਹੀ ਦਸ ਸਕਦੇ ਹਨ | ਪੰਜਾਬ ਕਾਂਗਰਸ ਵਿਚ ਟਿਕਟਾਂ ਦੇ ਐਲਾਨ ਬਾਅਦ ਹੋ ਰਹੀ ਬਗ਼ਾਵਤ ਬਾਰੇ ਉਨ੍ਹਾਂ ਕਿਹਾ ਕਿ ਟਿਕਟ ਤਾਂ ਆਖ਼ਰ ਇਕ ਨੂੰ  ਹੀ ਮਿਲਣੀ ਹੁੰਦੀ ਹੈ ਅਤੇ ਹਰ ਇਕ ਨੂੰ  ਲੋਕਤੰਤਰ ਵਿਚ ਅਪਣੀ ਆਵਾਜ਼ ਚੁਕਣ ਤੇ ਵਖਰੀ ਚੋਣ ਲੜਨ ਦਾ ਵੀ ਹੱਕ ਹੈ | ਉਨ੍ਹਾਂ ਮੰਨਿਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਦੀ ਨਰਾਜ਼ਗੀ ਜਾਇਜ਼ ਹੈ ਅਤੇ ਪਾਰਟੀ ਇਸ ਬਾਰੇ ਵਿਚਾਰ ਵੀ ਕਰ ਰਹੀ ਹੈ | ਅਪਣੇ ਭਰਾ ਮਨੋਹਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਅਪਣੀ ਬਦਲੀ ਤੋਂ ਨਰਾਜ਼ ਹੋ ਕੇ ਡਾਕਟਰ ਦੀ ਨੌਕਰੀ ਛੱਡੀ ਸੀ | ਲੋਕਾਂ ਨੇ ਹੀ ਉਨ੍ਹਾਂ ਨੂੰ  ਚੋਣ ਲੜਨ ਲਈ ਕਿਹਾ ਸੀ ਪਰ ਟਿਕਟ ਪਾਰਟੀ ਵਲੋਂ ਨਹੀਂ ਮਿਲ ਸਕੀ | ਉਨ੍ਹਾਂ ਕਿਹਾ ਕਿ ਉਹ ਮੇਰਾ ਭਰਾ ਹੈ ਅਤੇ ਸਾਡਾ ਸਾਂਝਾ ਪ੍ਰਵਾਰ ਹੈ ਅਤੇ ਰਹੇਗਾ | ਸਾਡੀ ਆਪਸ ਵਿਚ ਕੋਈ ਨਰਾਜ਼ਗੀ ਨਹੀਂ ਅਤੇ ਅਸੀ ਉਸ ਨੂੰ  ਮਨਾ ਕੇ ਮਸਲਾ ਹੱਲ ਕਰ ਲਵਾਂਗੇ |


ਜਦੋਂ ਚੰਨੀ ਨੇ ਕਿਹਾ ਪਹਿਲਾਂ ਹਾਸੇ ਵਾਲੀ ਗੱਲ ਸੁਣ ਲਉ
ਮੁੱਖ ਮੰਤਰੀ ਚੰਨੀ ਨੇ ਪੰਜਾਬ ਕਾਂਰਗਸ ਭਵਨ 'ਚ ਪ੍ਰੈੱਸ ਕਾਨਫ਼ਰੰਸ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਹਾਸੇ ਦੇ ਮਾਹੌਲ 'ਚ ਕਿਹਾ  'ਤੁਸੀਂ ਹਾਸੇ ਦੀ ਹੀ ਗੱਲ ਸੁਣ ਲਿਉ | ਉਨ੍ਹਾਂ ਕਿਹਾ ਕਿ ਅੱਜ ਸਵੇਰੇ ਅਕਾਲੀ ਦਲ ਦੇ ਕੁੱਝ ਮੈਂਬਰ ਮੇਰੇ ਕੋਲ ਆਏ ਕਿ ਕਾਂਗਰਸ 'ਚ ਸ਼ਾਮਲ ਹਣਾ ਹੈ | ਕਾਂਗਰਸ 'ਚ ਸ਼ਾਮਲ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਇਕ ਮੈਂਬਰ ਦਾ ਫ਼ੋਨ ਆਇਆ ਤੁਹਾਡੇ ਚੰਗੇ ਹੱਥ ਹੀ ਲੱਗ ਗਏ ਕਿ ਸਾਡੇ ਘਰ ਮੁੰਡਾ ਜੰਮਿਆ ਹੈ | ਚੰਗਾ ਹੀ ਹੋਇਆ ਅਤੇ ਜੇ ਇਕ ਘੰਟਾ ਅਸੀਂ ਤੁਹਾਡੇ ਕੋਲ ਲੇਟ ਹੁੰਦੇ ਤਾਂ ਸਾਡੇ ਘਰ ਅਕਾਲੀ ਜੰਮਣਾ ਸੀ ਤੇ ਹੁਣ ਕਾਂਗਰਸੀ ਜੰਮਿਆ ਹੈ | ਇਸੇ ਦੌਰਾਨ ਹਾਸੇ 'ਚ ਹੀ ਮੁੱਖ ਮੰਤਰੀ ਨੇ ਇਕ ਮੀਡੀਆ ਪ੍ਰਤੀਨਿਧ ਨੂੰ  ਵੀ ਕਿਹਾ ਕਿ ਕੰਬਲੀ ਵਾਲੇ ਸੰਤਾਂ ਦਾ ਅਸ਼ੀਰਵਾਦ ਲੈ ਲਿਉ, ਤੁਹਾਡੇ ਘਰ ਵੀ ਕਾਂਗਰਸੀ ਮੁੰਡਾ ਹੀ ਪੈਦਾ ਹੋਵੇਗਾ | ਪੱਤਰਕਾਰਾਂ 'ਚ ਚੰਨੀ ਦੀਆਂ ਇਹ ਟਿਪਣੀਆਂ ਸੁਣ ਖੂਬ ਹਾਸਾ ਪਿਆ |