ਲਗਾਤਾਰ ਘਟ ਰਹੀ ਜਨਮ ਦਰ ਨੇ ਚੀਨੀਆਂ ਨੂੰ ਚਿੰਤਾ ਵਿਚ ਪਾਇਆ

ਏਜੰਸੀ

ਖ਼ਬਰਾਂ, ਪੰਜਾਬ

ਲਗਾਤਾਰ ਘਟ ਰਹੀ ਜਨਮ ਦਰ ਨੇ ਚੀਨੀਆਂ ਨੂੰ ਚਿੰਤਾ ਵਿਚ ਪਾਇਆ

image

ਬੀਜਿੰਗ, 17 ਜਨਵਰੀ : ਲਗਾਤਾਰ ਘਟ ਰਹੀ ਜਨਮ ਦਰ ਨੇ ਚੀਨੀਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ। ਹੁਣ ਦਿਨੋਂ-ਦਿਨ ਬੁੱਢੇ ਹੁੰਦੇ ਜਾ ਰਹੇ ਚੀਨ ਨੂੰ ਬੱਚਿਆਂ ਦਾ ਸੁਖ ਨਹੀਂ ਮਿਲ ਰਿਹਾ। ਚੀਨ ਦੀ ਆਬਾਦੀ ਪਿਛਲੇ ਸਾਲ ਦੇ ਅੰਤ ਵਿੱਚ 1.4126 ਅਰਬ ਰਹੀ ਮਤਲਬ ਕੁੱਲ ਆਬਾਦੀ ਵਿਚ 5 ਲੱਖ ਤੋਂ ਵੀ ਘੱਟ ਦਾ ਵਾਧਾ ਹੋਇਆ ਕਿਉਂਕਿ ਜਨਮ ਦਰ ਵਿਚ ਲਗਾਤਾਰ ਪੰਜਵੇਂ ਸਾਲ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜੇ ਦੁਨੀਆਂ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ ’ਤੇ ਜਨਸੰਖਿਆ ਦੇ ਖ਼ਤਰੇ ਅਤੇ ਇਸ ਨਾਲ ਪੈਦਾ ਹੋਣ ਵਾਲੇ ਆਰਥਿਕ ਖ਼ਤਰੇ ਬਾਰੇ ਡਰ ਪੈਦਾ ਕਰਦੇ ਹਨ। 
ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਨੇ ਕਿਹਾ ਕਿ 2021 ਦੇ ਅੰਤ ਤਕ ਮੁੱਖ ਭੂਮੀ ਚੀਨ ਵਿੱਚ ਆਬਾਦੀ 2020 ਵਿਚ 1.4120 ਅਰਬ ਤੋਂ ਵੱਧ ਕੇ 1.4126 ਅਰਬ ਰਹੀ। ਐਨਬੀਐਸ ਦੇ ਅੰਕੜਿਆਂ ਮੁਤਾਬਕ ਚੀਨ ਦੀ ਆਬਾਦੀ 2020 ਦੇ ਮੁਕਾਬਲੇ ਇਕ ਸਾਲ ਵਿਚ 480,000 ਵਧੀ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਦਸਿਆ ਹੈ ਕਿ 2021 ’ਚ 1.06 ਕਰੋੜ ਬੱਚੇ ਪੈਦਾ ਹੋਏ, ਜੋ ਕਿ 2020 ’ਚ 1.20 ਕਰੋੜ ਦੇ ਮੁਕਾਬਲੇ ਘੱਟ ਹਨ। 
 ਇਸ ਮਹੀਨੇ ਦੇ ਸ਼ੁਰੂ ਵਿਚ ਹੇਨਾਨ ਸੂਬੇ ਨੇ ਦਸਿਆ ਕਿ 2020 ਵਿਚ ਉਥੇ ਨਵਜੰਮੇ ਬੱਚਿਆਂ ਦੀ ਗਿਣਤੀ ਘੱਟ ਕੇ 920,000 ਰਹੀ, ਜੋ ਕਿ 2019 ਦੇ ਮੁਕਾਬਲੇ 23.3 ਫ਼ੀ ਸਦੀ ਦੀ ਗਿਰਾਵਟ ਹੈ। ਉਥੇ ਜਨਮ ਦਰ 9.24 ਪ੍ਰਤੀ 1,000 ਲੋਕਾਂ ’ਤੇ ਘੱਟ ਕੇ 9.24 ਰਹਿ ਗਈ। ਹੇਨਾਨ ਚੀਨ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਪ੍ਰਸ਼ਾਸਨਿਕ ਖੇਤਰ ਹੈ। ਅਖ਼ਬਾਰ ਨੇ ਰਿਪੋਰਟ ਦਿਤੀ ਹੈ ਕਿ ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਚੀਨ ਵਿਚ ਛੇਤੀ ਹੀ ਜਨਸੰਖਿਆ ਵਿਚ ਬਦਲਾਅ ਆ ਸਕਦਾ ਹੈ, ਜੋ ਕਿ ਉਸ ਦੇ ਵਧਦੇ ਆਰਥਿਕ ਵਿਕਾਸ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਅਤੇ ਆਸ਼ਰਿਤਾਂ (ਪੈਨਸ਼ਨ ਅਤੇ ਹੋਰ ਲਾਭਾਂ ਨਾਲ ਸੇਵਾਮੁਕਤ ਹੋਏ) ਵਿਚ ਲੋਕਾਂ ਦਾ ਅਨੁਪਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਆਰਥਿਕਤਾ ’ਤੇ ਦਬਾਅ ਪੈ ਸਕਦਾ ਹੈ।     (ਏਜੰਸੀ)