ਪਟਨਾ ਸਾਹਿਬ ਤੋਂ ਵਾਪਸ ਪਰਤੀਆਂ ਸੰਗਤਾਂ ਨੇ ਸੁਣਾਈ ਆਪ ਬੀਤੀ

ਏਜੰਸੀ

ਖ਼ਬਰਾਂ, ਪੰਜਾਬ

ਪਟਨਾ ਸਾਹਿਬ ਤੋਂ ਵਾਪਸ ਪਰਤੀਆਂ ਸੰਗਤਾਂ ਨੇ ਸੁਣਾਈ ਆਪ ਬੀਤੀ

image

ਗੁੰਡਾ ਪਰਚੀ ਕੱਟਣ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਘੇਰ ਕੇ ਕੀਤਾ ਸੀ ਹਮਲਾ

ਐਸ.ਏ.ਐਸ. ਨਗਰ, 18 ਜਨਵਰੀ (ਨਰਿੰਦਰ ਸਿੰਘ ਝਾਂਮਪੁਰ, ਸੁਖਦੀਪ ਸਿੰਘ ਸੋਈਂ): ਤਖ਼ਤ ਪਟਨਾ ਸਾਹਿਬ ਤੋਂ ਪੰਜਾਬ ਵਾਪਸੀ ਮੌਕੇ ਗੁੰਡਾ ਅਨਸਰਾਂ ਵਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋਏ ਸ਼ਰਧਾਲੂ ਅੱਜ ਵਾਪਸ ਪਰਤ ਆਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਟੌਰ ਵਾਸੀ ਤੇਜਿੰਦਰ ਸਿੰਘ ਨੇ ਦਸਿਆ ਕਿ ਉਹ ਹਰ ਸਾਲ ਅਪਣੀ ਵੱਡੀ ਗੱਡੀ ਵਿਚ ਸੰਗਤਾਂ ਨੂੰ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਜਾਂਦਾ ਹੈ ਅਤੇ ਇਸ ਵਾਰ ਵੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਟੌਰ, ਸੋਹਾਣਾ ਅਤੇ ਹੋਰ ਇਲਾਕਿਆਂ ਦੀ ਸੰਗਤ (ਕਰੀਬ 100 ਤੋਂ ਵੱਧ ਮਹਿਲਾਵਾਂ ਅਤੇ ਪੁਰਸ਼) ਨੂੰ ਪਟਨਾ ਸਾਹਿਬ ਲੈ ਕੇ ਗਿਆ ਸੀ।
ਤੇਜਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ ਤਾਂ ਭੋਜਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਗੁੰਡਾ ਅਨਸਰਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਅਤੇ ਉਨ੍ਹਾਂ ਤੋਂ ਗੁੰਡਾ ਪਰਚੀ ਦੇ ਨਾਮ ਤੇ ਪੈਸੇ ਮੰਗੇ, ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਉਨ੍ਹਾਂ ਗੁੰਡਾ ਅਨਸਰਾਂ ਨੇ ਸੰਗਤਾਂ ਉਪਰ ਹਮਲਾ ਕਰ ਦਿਤਾ ਜਿਸ ਕਾਰਨ 8 ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਸ ਮੌਕੇ ਗੁੰਡਾ ਅਨਸਰਾਂ ਨੇ ਅਪਣੇ ਸਾਥੀ ਬੁਲਾ ਲਏ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਵੀ ਗੁੰਡਾ ਅਨਸਰਾਂ ਨਾਲ ਰਲਕੇ ਸਿੱਖ ਸੰਗਤ ਉਪਰ ਪੱਥਰ ਤੇ ਇੱਟਾਂ ਮਾਰਨ ਲੱਗੇ, ਜਿਸ ਕਾਰਨ ਉਨ੍ਹਾਂ ਨੇ ਗੱਡੀ ਭਜਾ ਲਈ ਪਰ ਉਨ੍ਹਾਂ ਦਾ ਇਕ ਸਾਥੀ ਉਥੇ ਹੀ ਰਹਿ ਗਿਆ। ਉਨ੍ਹਾਂ ਦਸਿਆ ਕਿ ਹਮਲੇ ਵਾਲੀ ਥਾਂ ਤੋਂ 2 ਕਿਲੋਮੀਟਰ ਦੂਰ ਇਕ ਪੁਲਿਸ ਥਾਣੇ ਪਹੁੰਚ ਕੇ ਉਨ੍ਹਾਂ ਨੇ ਸਾਰੀ ਘਟਨਾ ਦਸੀ ਅਤੇ ਪੁਲਿਸ ਦੀ ਮਦਦ ਨਾਲ ਆਪਣੇ ਪਿਛੇ ਰਹਿ ਗਏ ਸਾਥੀ ਨੂੰ ਗੁੰਡਾ ਅਨਸਰਾਂ ਤੋਂ ਬਚਾਇਆ। ਉਨ੍ਹਾਂ ਕਿਹਾ ਕਿ ਗੁੰਡਾ ਅਨਸਰਾਂ ਨੇ ਸਿੱਖ ਸੰਗਤਾਂ ਉਪਰ ਜਾਨਲੇਵਾ ਹਮਲਾ ਕੀਤਾ ਸੀ ਪਰ ਉਹ ਬਹੁਤ ਮੁਸ਼ਕਲ ਨਾਲ ਜਾਨ ਬਚਾ ਕੇ ਪੰਜਾਬ ਪਰਤੇ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਨੇ ਪੀੜਤ ਸੰਗਤਾਂ ਦਾ ਹਾਲ ਚਾਲ ਪੁਛਿਆ ਅਤੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਸੰਗਤਾਂ ਉਪਰ ਹਮਲੇ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਵਿਚ ਘੱਟ ਗਿਣਤੀਆਂ ਉਪਰ ਹਮਲੇ ਦਿਨੋਂ ਦਿਨ ਵੱਧ ਰਹੇ ਹਨ ਅਤੇ ਭਾਰਤ ਵਿਚ ਹੁਣ ਘੱਟ ਗਿਣਤੀਆਂ ਸੁਰਖਿਅਕਤ ਨਹੀਂ ਹਨ। ਦੇਸ਼ ਵਿਚ ਘਟ ਗਿਣਤੀਆਂ ਲਈ ਮਾਹੌਲ ਠੀਕ ਨਹੀਂ ਹੈ।