ਸਰਨਾ ਭਰਾਵਾਂ, ਜੀ ਕੇ ਤੇ ਹੋਰਨਾਂ ਨੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਸਰਨਾ ਭਰਾਵਾਂ, ਜੀ ਕੇ ਤੇ ਹੋਰਨਾਂ ਨੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ

image

 ਦਿੱਲੀ ਕਮੇਟੀ ਦਾ ਚੋਣ ਅਮਲ ਪੂਰਾ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 18 ਜਨਵਰੀ (ਅਮਨਦੀਪ ਸਿੰਘ): ਛੇ ਮਹੀਨੇ ਬੀਤਣ ਪਿਛੋਂ ਵੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਕਾਇਮੀ ਨਾ ਹੋਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਾਗੋ ਪਾਰਟੀ ਅਤੇ ਦਿੱਲੀ ਕਮੇਟੀ ਦੇ ਚੁਣੇ ਗਏ ਕਈ ਮੈਂਬਰਾਂ ਅਧਾਰਤ ਵਫ਼ਦ ਨੇ ਦਿੱਲੀ ਦੇ ਗੁਰਦਵਾਰਾ ਚੋਣ ਡਾਇਰੈਕਟਰ ਨਾਲ ਮੁਲਾਕਾਤ ਕਰ ਕੇ, ਛੇਤੀ ਜਨਰਲ ਹਾਊਸ ਦਾ ਇਜਲਾਸ ਸੱਦ ਕੇ ਨਵੀਂ ਦਿੱਲੀ ਗੁਰਦਵਾਰਾ ਕਮੇਟੀ ਦੀ ਕਾਇਮੀ ਕਰਨ ਦੀ ਮੰਗ ਕੀਤੀ।
ਅੱਜ ਇਥੋਂ ਦੇ ਆਈ ਪੀ ਇਸਟੇਟ ਵਿਖੇ ਆਪਣੇ ਹਮਾਇਤੀਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨਾਲ ਪੁੱਜੇ ਸ.ਪਰਮਜੀਤ ਸਿੰਘ ਸਰਨਾ, ਸ.ਹਰਵਿੰਦਰ ਸਿੰਘ ਸਰਨਾ, ਸ.ਮਨਜੀਤ ਸਿੰਘ ਜੀ.ਕੇ. ਆਦਿ ਗੁਰਦਵਾਰਾ ਡਾਇਰੈਕਟਰ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਪਹਿਲਾਂ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਮੁਲਾਕਾਤ ਨਹੀਂ ਕਰਨ ਦਿਤੀ ਜਿਸ ਪਿਛੋਂ ਸਾਰਿਆਂ ਨੇ ਉਥੇ ਹੀ ਧਰਨਾ ਲਾਉਣ ਦਾ ਐਲਾਨ ਕਰਦੇ ਹੋਏ ‘ਸਤਿਨਾਮ ਵਾਹਿਗੁਰੂ’ ਦਾ ਜਾਪ ਸ਼ੁਰੂ ਕਰ ਦਿਤਾ। ਪਿਛੋਂ ਇਲਾਕੇ ਦੇ ਸੀਨੀਅਰ ਪੁਲਿਸ ਅਫ਼ਸਰ ਪੁੱਜੇ ਜਿਸ ਪਿਛੋਂ ਇਨ੍ਹਾਂ ਸਿੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਡਾਇਰੈਕਟਰ ਗੁਰਦਵਾਰਾ ਚੋਣਾਂ ਸ.ਨਰਿੰਦਰ ਸਿੰਘ ਨਾਲ  ਮੁਲਾਕਾਤ ਹੋ ਸਕੀ। ਮੁਲਾਕਾਤ ਤੋਂ ਪਹਿਲਾਂ ਸਰਨਾ ਭਰਾਵਾਂ ਸਣੇ ਜੀ ਕੇ ਤੇ ਸ.ਤਰਵਿੰਦਰ ਸਿੰਘ ਮਾਰਵਾਹ ਨੇ ਡਾਇਰੈਕਟਰ ਗੁਰਦਵਾਰਾ ਚੋਣਾਂ ’ਤੇ ਤਿੱਖੇ ਸ਼ਬਦੀ ਵਾਰ ਕੀਤੇ ਤੇ ਪੁੱਛਿਆ, “ਡਾਇਰੈਕਟਰ ਉਪਰੋਂ ਕਿਸ ਦੇ ਹੁਕਮ ‘ਤੇ ਚੋਣ ਅਮਲ ਪੂਰਾ ਨਾ ਕਰ ਕੇ ਨਵੇਂ ਹਾਊਸ ਨੂੰ ਕਾਇਮ ਨਹੀਂ ਕਰ ਰਹੇ? ਕੀ ਮੋਦੀ, ਗ੍ਰਹਿ ਮੰਤਰੀ ਜਾਂ ਕੇਜਰੀਵਾਲ ਦੇ  ਇਸ਼ਾਰੇ ‘ਤੇ?”
ਅਖ਼ੀਰ ਮੁਲਾਕਾਤ ਪਿਛੋਂ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਡਾਇਰੈਕਟਰ ਨੇ ਭਰੋਸਾ ਦਿਤਾ ਹੈ ਕਿ ਲਾਟਰੀ ਰਾਹੀਂ ਬੀਤੇ ਦਿਨੀਂ ਇਕ ਮੈਂਬਰ ਦੀ ਚੋਣ ਪਿਛੋਂ ਜਨਰਲ ਹਾਊਸ ਪੂਰਾ ਹੋ ਚੁਕਾ ਹੈ। ਅਜੇ 15 ਦਿਨ ਦਾ ਸਮਾਂ ਪਿਆ ਹੈ, ਪਰ ਹਫ਼ਤੇ ਦੇ ਅੰਦਰ ਜਨਰਲ ਇਜਲਾਸ ਸੱਦ ਕੇ,  ਚੋਣ ਅਮਲ ਪੂਰਾ ਕੀਤਾ ਜਾਵੇਗਾ।’’ ਸਰਨਾ ਭਰਾਵਾਂ ਤੇ ਸ.ਜੀਕੇ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦੇ ਕੰਮਾਂ ਵਿਚ ਖਲਲ ਨਾ ਪਾਉਣ ਦੀ ਤਾੜਨਾ ਕੀਤੀ ਤੇ ਕਿਹਾ ਸਿਰਸਾ ਦੇ ਆਖੇ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਕੇ ਮੁੜ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਵੀ ਨਾ ਸੋਚੇ। ਇਹ ਸੰਵਿਧਾਨ ਵਿਰੁਧ ਹੈ।  ਸਿਰਸਾ ਅਪਣੇ ਪਿਆਦਿਆਂ ਰਾਹੀਂ ਇਹ ਭਰਮ ਫੈਲਾ ਰਹੇ ਹਨ।
‘ਸਪੋਕਸਮੈਨ’ ਵਲੋਂ ਡਾਇਰੈਕਟਰ ਸ.ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, “ਦਿੱਲੀ ਕਮੇਟੀ ਦਾ 55 ਮੈਂਬਰੀ ਜਨਰਲ ਹਾਊਸ ਪੂਰਾ ਹੋ ਚੁਕਾ ਹੈ। ਹੁਣ ਅਗਲੇ ਹਫ਼ਤੇ ਜਨਰਲ ਹਾਊਸ ਦੀ ਮੀਟਿੰਗ ਸੱਦੀ  ਜਾ ਰਹੀ ਹੈ ਜਿਸ ਵਿਚ ਨਵੀਂ ਕਾਰਜਕਾਰਨੀ ਚੁਣ ਲਈ ਜਾਵੇਗੀ। ਲਾਟਰੀ ਰਾਹੀਂ ਨਾਮਦ ਹੋਏ ਮੈਂਬਰ ਦਾਰਾ ਸਿੰਘ ਬਾਰੇ ਸ਼ਿਕਾਇਤ ਪੁੱਜੀ ਸੀ, ਉਸ ਦੀ ਪੜਤਾਲ ਕੀਤੀ ਜਾ ਚੁਕੀ ਹੈ ਤੇ ਅੱਜ ਉਨ੍ਹਾਂ ਦੇ ਮੈਂਬਰ ਨਾਮਜ਼ਦ ਹੋਣ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ।’’ ਦਿੱਲੀ ਕਮੇਟੀ ਦੀਆਂ ਆਮ ਚੋਣਾਂ  ਮੁੜ ਕਰਵਾਉਣ ਦੇ  ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁੱਛਣ ’ਤੇ ਡਾਇਰੈਕਟਰ ਨੇ ਦਸਿਆ, “ਪਹਿਲਾਂ ਕਰੋਨਾ ਕਰ ਕੇ ਚੋਣਾਂ ਦੇਰੀ ਨਾਲ ਅਗੱਸਤ ਵਿਚ ਹੋਈਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਨੁਮਾਇੰਦਾ ਨਾਮਜ਼ਦ ਕਰਨ ਦਾ ਮਾਮਲਾ ਹਾਈਕੋਰਟ ਵਿਚ ਸੀ। ਹੁਣ ਹਾਊਸ ਪੂਰਾ ਹੋ ਚੁਕਾ ਹੈ। ਚੋਣਾਂ ਮੁੜ ਕਰਵਾਉਣ ਦਾ ਕੋਈ ਵਿਚਾਰ ਨਹੀਂ ਹੈ।’’