ਕੌਮੀ ਇਨਸਾਫ਼ ਮੋਰਚੇ ਨੇ ਨਹੀਂ ਦਿੱਤਾ ਸੀ ਹਰਜਿੰਦਰ ਸਿੰਘ ਧਾਮੀ ਨੂੰ ਆਉਣ ਦਾ ਸੱਦਾ : ਮੋਰਚਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਹਮਲੇ ਦੀ ਘਟਨਾ ਅਤਿ ਨਿੰਦਣਯੋਗ ਜਿਸ ਲਈ ਮੁਅਫ਼ੀ ਮੰਗਦੇ ਹਾਂ 

Kaumi Insaf Morcha

SGPC ਪ੍ਰਧਾਨ 'ਤੇ ਹਮਲੇ ਦੀ ਘਟਨਾ ਮਗਰੋਂ ਕੌਮੀ ਇਨਸਾਫ਼ ਮੋਰਚੇ ਦਾ ਬਿਆਨ
-ਹਰਜਿੰਦਰ ਸਿੰਘ ਧਾਮੀ ਨੇ ਮੋਰਚੇ 'ਚ ਆਉਣ ਬਾਬਤ ਪ੍ਰਬੰਧਕਾਂ ਨਾਲ ਨਹੀਂ ਕੀਤੀ ਗੱਲਬਾਤ
-ਗੁਰੂ ਸਾਹਿਬ ਦੇ ਗੁੰਮ ਹੋਏ 328 ਸਰੂਪਾਂ ਸਮੇਤ ਹੋਰ ਮਾਮਲਿਆਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ 
- ਪ੍ਰਬੰਧਾਂ ਨੇ ਨਹੀਂ ਦਿੱਤਾ ਹਰਜਿੰਦਰ ਸਿੰਘ ਧਾਮੀ ਨੂੰ ਮੋਰਚੇ ਵਿਚ ਆਉਣ ਦਾ ਸੱਦਾ 
-ਪੰਥਕ ਮਾਮਲਿਆਂ ਦੇ ਹੱਲ ਤੋਂ ਬਾਅਦ ਮੋਰਚੇ ਦੀ ਹਮਾਇਤ ਕਰਨ ਲਈ ਕਿਹਾ ਸੀ 
-ਫਿਲਹਾਲ SGPC ਪ੍ਰਧਾਨ ਨੂੰ ਪ੍ਰੋਗਰਾਮ ਮੁਲਤਵੀ ਕਰਨ ਦੀ ਕੀਤੀ ਸੀ ਅਪੀਲ 

ਮੋਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ਕਰ ਕੇ ਆਪਣਾ ਪੱਖ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਹੁਣ ਕੌਮੀ ਇਨਸਾਫ਼ ਮੋਰਚੇ ਨੇ ਵੀ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਮੋਰਚੇ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੋਰਚੇ ਵਲੋਂ ਸੱਦਾ ਨਹੀਂ ਦਿੱਤਾ ਗਿਆ ਸੀ ਸਗੋਂ ਇਨ੍ਹਾਂ ਨੂੰ ਆਪਣਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰਨ ਲਈ ਕਿਹਾ ਗਿਆ ਸੀ।

ਮੋਰਚੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਨੇ ਸਿੱਧਾ ਮੋਰਚੇ ਨਾਲ ਗੱਲਬਾਤ ਨਹੀਂ ਕੀਤੀ ਸਗੋਂ 
ਗੁਰਸੇਵਕ ਸਿੰਘ ਧੂੜਕੋਟ ਤੋਂ ਇੱਕ ਨੌਜਵਾਨ ਨੇ ਦੱਸਿਆ ਕਿ ਧਾਮੀ ਸਾਬ੍ਹ ਮੋਰਚੇ ਵਿਚ ਆਉਣਾ ਚਾਹੁੰਦੇ ਹਨ ਜਿਸ ਬਾਰੇ ਮੈਂ ਮੋਰਚੇ ਨਾਲ ਗੱਲ ਕੀਤੀ ਪਰ ਧਾਮੀ ਸਾਬ੍ਹ ਨੇ ਮੋਰਚਾ ਪ੍ਰਬੰਧਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਮੋਰਚੇ ਵਿਚ ਮੀਟਿੰਗ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਸਾਡੀਆਂ ਚਾਰ ਮੁੱਖ ਮੰਗਾਂ ਵਿਚੋਂ ਇੱਕ ਮੰਗ ਸਿਧੀ ਐਸ.ਜੀ.ਪੀ.ਸੀ. ਨਾਲ ਜੁੜਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦਾ ਮਾਮਲਾ ਸਪਸ਼ਟ ਕੀਤਾ ਜਾਵੇ ਅਤੇ ਉਸ 'ਤੇ ਹੋਈ ਜਾਂਚ ਨੂੰ ਜਨਤਕ ਕੀਤਾ ਜਾਵੇ।

ਉਸੇ ਬੰਦੇ ਜ਼ਰੀਏ ਮੋਰਚੇ ਦਾ ਇਹ ਸੰਦੇਸ਼ ਹਰਜਿੰਦਰ ਸਿੰਘ ਧਾਮੀ ਤੱਕ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਹਮਲੇ ਦੀਆਂ ਵੀਡਿਓਜ਼ ਵਿਚੋਂ ਸਾਫ ਨਜ਼ਰ ਆ ਰਿਹਾ ਹੈ ਕਿ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਖੁਦ ਗੁੱਸੇ ਵਿਚ ਆ ਕੇ ਬਾਹਰ ਨਿਕਲੇ ਹਨ। ਜਦੋਂ ਉਨ੍ਹਾਂ ਉਪਰ ਹਮਲਾ ਹੋਇਆ ਉਸ ਵਕਤ ਉਨ੍ਹਾਂ ਨੂੰ ਉਥੋਂ ਪਾਸੇ ਕਰਨ ਵਾਲੇ ਨੌਜਵਾਨ ਵੀ ਮੋਰਚੇ ਨਾਲ ਹੀ ਸਬੰਧਿਤ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਵਾਪਰਨੀ ਨਹੀਂ ਚਾਹੀਦੀ ਸੀ ਪਰ ਅਜਿਹਾ ਹੋਇਆ ਜੋ ਬਹੁਤ ਹੀ ਨਿੰਦਣਯੋਗ ਹੈ ਜਿਸ ਲਈ ਅਸੀਂ ਮੁਅਫ਼ੀ ਮੰਗਦੇ ਹਾਂ।

ਮੋਰਚੇ ਦਾ ਕਹਿਣਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਸਰੂਪਾਂ ਦਾ ਮਾਮਲਾ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਦੋਸ਼ੀਆਂ ਬਾਰੇ, ਜਿਨ੍ਹਾਂ ਵਿਚ ਬੇਅਦਬੀ ਕਰਨ ਵਾਲੇ, ਕਰਵਾਉਣ ਵਾਲੇ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਬਾਰੇ ਸਪੱਸ਼ਟ ਕੀਤਾ ਜਾਵੇ ਕਿ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਨ੍ਹਾਂ ਸਾਰੇ ਮਸਲਿਆਂ ਬਾਰੇ ਸਿੱਖ ਜਥੇਬੰਦੀਆਂ ਨਾਲ ਗਲਬਾਤ ਕਰ ਕੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ ਅਤੇ ਫਿਰ ਮੋਰਚੇ ਦੀ ਹਿਮਾਇਤ ਕਰਨ ਦੀ ਅਪੀਲ ਵੀ ਕੀਤੀ ਸੀ। ਮੋਰਚੇ ਨੇ ਉਨ੍ਹਾਂ ਨੂੰ ਫਿਲਹਾਲ ਆਪਣਾ ਪ੍ਰੋਗਰਾਮ ਮੁਲਤਵੀ ਕਰਨ ਲਈ ਕਿਹਾ ਸੀ। ਹਰਜਿੰਦਰ ਸਿੰਘ ਧਾਮੀ ਵਲੋਂ ਕੀਤਾ ਗਿਆ ਦਾਅਵਾ ਬਿਲਕੁਲ ਬੇਬੁਨਿਆਦ ਹੈ ਕਿ ਉਨ੍ਹਾਂ ਨੂੰ ਮੋਰਚੇ ਵਲੋਂ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਸੰਗਤ ਦਾ ਰੋਸ ਸੀ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਅਸੀਂ ਇਸ ਘਟਨਾ ਦੀ ਨਿੰਦਿਆ ਕਰਦੇ ਹਾਂ।