ਕੇਂਦਰ ਸਰਕਾਰ ਸਿੱਖਾਂ 'ਤੇ ਨਵੇਂ-ਨਵੇਂ ਤਜਰਬੇ ਕਰਨ ਤੋਂ ਗ਼ੁਰੇਜ਼ ਕਰੇ - ਬ੍ਰਹਮਪੁਰਾ, ਔਲਖ           

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਸਿੱਖ ਫ਼ੌਜੀਆਂ ਲਈ ਹੈਲਮੇਟ ਵਾਲਾ ਫੈਸਲਾ ਕੇਂਦਰ ਸਰਕਾਰ ਦੀ ਸਿੱਖ ਪਰੰਪਰਾਵਾਂ ਦੇ ਵਿਰੁੱਧ ਸੋਚ ਨੂੰ ਦਰਸਾਉਂਦਾ ਹੈ       

Sikh leaders!

ਸ੍ਰੀ ਗੋਇੰਦਵਾਲ ਸਾਹਿਬ (ਮਾਨ ਸਿੰਘ) : ਕੇਂਦਰ ਸਰਕਾਰ ਵੱਲੋਂ ਸਿੱਖ ਫ਼ੌਜੀਆਂ ਲਈ ਹੈਲਮਟ ਲਾਜ਼ਮੀ ਕੀਤੇ ਜਾਣ ਦੀ ਚੱਲ ਰਹੀ ਚਰਚਾ ਜਿੱਥੇ ਸਿੱਖੀ ਵਿਚਾਰਧਾਰਾ ਦੀ ਉਲੰਘਣਾ ਹੈ, ਓਥੇ ਹੀ ਅਜਿਹੇ ਫ਼ੈਸਲਿਆਂ ਨੇ ਅੰਗਰੇਜ਼ੀ ਹਕੂਮਤ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਤੋਂ  ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਇਹ ਦਸਤਾਰ ਹੀ ਸਿੱਖ ਦੀ ਅਲੱਗ ਪਛਾਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਹੈਲਮਟ ਦੇ ਵਿਰੁੱਧ ਪਹਿਲਾਂ ਵੀ ਸਿੱਖਾਂ ਨੇ ਸੰਘਰਸ਼ ਕੀਤਾ ਹੈ ਅਤੇ ਹੁਣ ਵੀ ਅਜਿਹਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਸਿੱਖਾਂ ਦੀ ਪਹਿਚਾਣ ਦੇ ਪ੍ਰਤੀਕ ਦਸਤਾਰ ਉਤੇ ਲੋਹ ਟੋਪ ਪਾਉਣ ਦੇ ਫੈਸਲੇ ਨਾਲ ਕੇਂਦਰ ਸਰਕਾਰ ਸਿੱਖਾਂ ਦੀ ਪਹਿਚਾਣ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ ।

ਇਸ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਤੇ ਬ੍ਰਿਟਿਸ਼ ਹਕੂਮਤ ਦੌਰਾਨ ਵੀ ਅੰਗਰੇਜ਼ਾਂ ਨੇ ਕਦੇ ਵੀ ਸਿੱਖ ਫ਼ੌਜੀਆਂ ਵਾਸਤੇ ਹੈਲਮਟ ਲਾਜ਼ਮੀ ਕਰਾਰ ਨਹੀਂ ਦਿੱਤਾ ਸੀ ਅਤੇ ਅਜ਼ਾਦੀ ਤੋਂ ਬਾਅਦ ਵੀ ਕਦੇ ਸਿੱਖ ਫ਼ੌਜੀਆਂ ਵਾਸਤੇ ਹੈਲਮਟ ਲਾਜ਼ਮੀ ਕਰਾਰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਦੇਸ਼ ਸਿੱਖ ਫ਼ੌਜੀਆਂ ਖਾਤਰ ਹੀ ਆਜ਼ਾਦ ਹੋਇਆ ਹੈ ਅਤੇ ਵਿਸ਼ਵ ਜੰਗਾਂ ਸਮੇਂ ਵੀ ਸਿੱਖ ਰੈਜੀਮੈਂਟਾਂ ਨੇ ਇਸ ਤਰ੍ਹਾਂ ਦੇ ਫੈਸਲੇ ਪਰਵਾਨ ਨਹੀਂ ਸੀ ਕੀਤੇ।

ਅਜਿਹੇ ਫੈਸਲੇ ਕੇਂਦਰ ਸਰਕਾਰ ਦੀ ਸਿੱਖ ਪਰੰਪਰਾਵਾਂ ਦੇ ਵਿਰੁੱਧ ਸੋਚ ਨੂੰ ਦਰਸਾਉਂਦੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਹੈ । ਇਹ ਸਿੱਖ ਕੌਮ ਦਾ ਸਾਂਝਾ ਮਸਲਾ ਹੈ । ਇਸ ਲਈ  ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਅਤੇ ਸਿੱਖ ਸੰਪਰਦਾਵਾਂ ਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਕੁਲਦੀਪ ਸਿੰਘ ਔਲਖ ਅਤੇ ਕੁਲਦੀਪ ਸਿੰਘ ਲਾਹੌਰੀਆ ਸਰਪੰਚ ਗੋਇੰਦਵਾਲ ਸਾਹਿਬ ਵੀ ਹਾਜ਼ਰ ਸਨ।