ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ RTA ਦਫ਼ਤਰ ਦੀ ਅਚਨਚੇਤ ਚੈਕਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ

Transport Minster Laljit Singh Bhullar conducts surprise checking

-ਡਰਾਇਵਿੰਗ ਟਰੈਕ ਤੇ PRTC ਦਫ਼ਤਰ ਦੀ ਵੀ ਕੀਤੀ ਚੈਕਿੰਗ, ਕੰਮਕਾਜ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਪਟਿਆਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਡੀ ਸਥਿਤ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਟਰਾਂਸਪੋਰਟ ਮੰਤਰੀ ਨੇ ਨਾਭਾ ਰੋਡ 'ਤੇ ਸਥਿਤ ਆਟੋਮੇਟੇਡ ਡਰਾਇਵਿੰਗ ਟਰੈਕ ਟੈਸਟ ਅਤੇ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਦਾ ਵੀ ਜਾਇਜ਼ਾ ਲਿਆ।

ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਆਰ.ਟੀ.ਏ. ਦਫ਼ਤਰ ਵਿਖੇ ਆਪਣੇ ਕੰਮਾਂ-ਕਾਰਾਂ ਲਈ ਪੁੱਜੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਦਫ਼ਤਰ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਆਦਿ ਬਾਰੇ ਲੋਕਾਂ ਤੋਂ ਫੀਡਬੈਕ ਹਾਸਲ ਕੀਤੀ। ਕੈਬਨਿਟ ਮੰਤਰੀ ਨੇ ਦਫ਼ਤਰੀ ਅਮਲੇ ਪਾਸੋਂ ਉਨ੍ਹਾਂ ਦੇ ਕੰਮ-ਕਾਜ ਬਾਰੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਅਤੇ ਹਦਾਇਤ ਕੀਤੀ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਟਰਾਂਸਪੋਰਟ ਮੰਤਰੀ ਨੇ ਡਰਾਇਵਿੰਗ ਟਰੈਕ ਅਤੇ ਆਰ.ਟੀ.ਏ. ਦਫ਼ਤਰ ਵਿਖੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਦੇ ਸਖ਼ਤ ਸੁਨੇਹੇ ਤੋਂ ਜਾਣੂ ਕਰਵਾਉਂਦਿਆਂ ਆਦੇਸ਼ ਦਿੱਤੇ ਕਿ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਲਾਲਜੀਤ ਸਿੰਘ ਭੁੱਲਰ ਨੇ ਆਰ.ਟੀ.ਏ. ਅਤੇ ਡਰਾਇਵਿੰਗ ਟਰੈਕ ਦੇ ਦਫ਼ਤਰੀ ਅਮਲੇ ਤੋਂ ਉਨ੍ਹਾਂ ਵੱਲੋਂ ਕੀਤੇ ਜਾਂਦੇ ਕੰਮ, ਜਿਵੇਂ ਨਵੀਆਂ ਆਰ.ਸੀਜ਼, ਟਰੱਕਾਂ ਦੇ ਪਰਮਿਟ, ਰਿਨਿਊਲ ਤੇ ਡਰਾਇਵਿੰਗ ਲਾਇਸੈਂਸ ਆਦਿ ਦੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਹਾਇਕ ਆਰ.ਟੀ.ਏ. ਸ਼ਾਮ ਲਾਲ ਤੇ ਹੋਰ ਕਰਮਚਾਰੀਆਂ ਨੂੰ ਹਦਾਇਤ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਅਪਡੇਟ ਰੱਖਣ।

ਇਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਦਾ ਨਿਰੀਖਣ ਕੀਤਾ ਅਤੇ ਡਰਾਈਵਰ-ਕੰਡਕਟਰ ਟ੍ਰੇਨਿੰਗ ਸਕੂਲ, ਟਾਇਰ ਪਲਾਂਟ ਅਤੇ ਬੱਸ ਬਾਡੀ ਫੈਬਰੀਕੇਸ਼ਨ ਸੈਲ ਦਾ ਉਚੇਚੇ ਤੌਰ 'ਤੇ ਜਾਇਜ਼ਾ ਲਿਆ।

ਟਰਾਂਸਪੋਰਟ ਮੰਤਰੀ ਨੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਪਰਵੀਨ ਕੁਮਾਰ ਤੇ ਮਨਿੰਦਰਪਾਲ ਸਿੰਘ ਸਿੱਧੂ ਅਤੇ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਅਤੇ ਪਨਬੱਸ ਨੂੰ ਚੋਰ-ਮੋਰੀਆਂ ਬੰਦ ਕਰਕੇ ਵਿੱਤੀ ਤੌਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ, ਇਸ ਲਈ ਸਰਕਾਰ ਦੀਆਂ ਹਦਾਇਤਾਂ 'ਤੇ ਪੀ.ਆਰ.ਟੀ.ਸੀ. ਨੂੰ ਬੁਲੰਦੀਆਂ 'ਤੇ ਲਿਜਾਣ ਲਈ ਕੋਈ ਕਮੀ ਬਾਕੀ ਨਾ ਛੱਡੀ ਜਾਵੇ।