Punjab News: ਅਤਿਵਾਦੀ ਲਖਬੀਰ ਸਿੰਘ ਲੰਡਾ ਐਲਾਨਿਆ ਭਗੌੜਾ, ਹੁਣ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿਚ ਚੱਲ ਰਹੀ ਹੈ। ਮਾਮਲੇ ਦੀ ਪਹਿਲੀ ਸੁਣਵਾਈ 9 ਅਕਤੂਬਰ 2023 ਨੂੰ ਹੋਈ ਸੀ।

Lakhbir Singh Landa

Punjab News:  ਚੰਡੀਗੜ੍ਹ - ਗੈਰ-ਕਾਨੂੰਨੀ ਗਤੀਵਿਧੀਆਂ ਦੇ ਮਾਮਲੇ 'ਚ ਨਾਮਜ਼ਦ ਅਤਿਵਾਦੀ ਲਖਬੀਰ ਲਾਂਡਾ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਹੁਣ ਅਦਾਲਤ ਵਿਚ ਉਸ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਕਾਰਵਾਈ ਸੀਆਰਪੀਸੀ ਦੀ ਧਾਰਾ 82 (4) ਤਹਿਤ ਕੀਤੀ ਗਈ ਹੈ।

2023 ਵਿਚ NIA ਨੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਉਸ ਦੇ ਸਾਥੀਆਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਸਤਨਾਮ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਖਹਿਰਾ ਉਰਫ ਪੱਟੂ, ਯਾਦਵਿੰਦਰ ਸਿੰਘ ਉਰਫ ਜਾਡਾ ਖਿਲਾਫ ਧਾਰਾ 17, 18, 18 ਬੀ, 20 ਦੇ ਤਹਿਤ ਗੈਰ-ਕਾਨੂੰਨੀ ਦੋਸ਼ਾਂ ਦੀਆਂ ਧਾਰਾਵਾਂ 38 ਅਤੇ 39 ਤਹਿਤ ਕੇਸ ਦਰਜ ਕੀਤਾ ਗਿਆ ਸੀ। 

ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿਚ ਚੱਲ ਰਹੀ ਹੈ। ਮਾਮਲੇ ਦੀ ਪਹਿਲੀ ਸੁਣਵਾਈ 9 ਅਕਤੂਬਰ 2023 ਨੂੰ ਹੋਈ ਸੀ। ਐਨਆਈਏ ਨੇ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦਾਇਰ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ 30 ਦਿਨਾਂ ਦਾ ਸਮਾਂ ਦਿੱਤਾ ਸੀ, ਜੋ ਕਿ ਬੀਤ ਚੁੱਕਾ ਹੈ। 

ਇਸ ਕਾਰਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸਾਰੇ ਦੋਸ਼ੀਆਂ ਖਿਲਾਫ਼ ਸੀਆਰਪੀਸੀ ਦੀ ਧਾਰਾ 83 ਤਹਿਤ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।