ਲੋਕਾਂ ਦੀਆਂ ਬਰੂਹਾਂ ’ਤੇ ਜਾ ਕੇ ਸਮੱਸਿਆਵਾ ਦਾ ਕੀਤਾ ਜਾ ਰਿਹਾ ਢੁੱਕਵਾਂ ਹੱਲ: ਹਰਜੋਤ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁੱਜਰ ਭਵਨ, 50 ਖੇਡ ਮੈਦਾਨ, 200 ਕਿਲੋਮੀਟਰ ਸੜਕਾਂ, ਫਿਰਨੀਆਂ ਪੱਕੀਆਂ ਕਰਨ ਵਰਗੇ ਪ੍ਰੋਜੈਕਟ ਬਦਲਣਗੇ ਨੁਹਾਰ: ਕੈਬਨਿਟ ਮੰਤਰੀ

Appropriate solutions to problems are being found by going to the people's doorsteps: Harjot Bains

ਚੰਡੀਗੜ੍ਹ: ਹਲਕੇ ਵਿੱਚ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਹੁਣ ਜਨਤਾ ਦਰਬਾਰ ਸਿਰਫ਼ ਨੰਗਲ ਕੋਠੀ ਤੱਕ ਸੀਮਿਤ ਨਹੀਂ ਰਹਿਣਗੇ, ਸਗੋਂ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲਗਾਏ ਜਾਣਗੇ। ਪਿਛਲੇ ਹਫ਼ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਨਤਾ ਦਰਬਾਰ ਲਗਾਇਆ ਗਿਆ ਸੀ ਅਤੇ ਅੱਜ ਇਸ ਕੈਂਪ ਤਹਿਤ ਚੰਗਰ ਦੇ ਕਈ ਪਿੰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾ ਅਤੇ ਹੋਰ ਮਸਲੇ ਲੈ ਕੇ ਨਿਸ਼ਚਿਤ ਹੋ ਕੇ ਆ ਸਕਦੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਕਿ ਜ਼ਿਆਦਾਤਰ ਮਸਲੇ ਮੌਕੇ ’ਤੇ ਹੀ ਹੱਲ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਗੁੱਜਰ ਭਵਨ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸਨੂੰ ਸਟੇਟ ਆਫ ਆਰਟ ਤਰੀਕੇ ਨਾਲ ਵਿਕਸਤ ਕੀਤਾ ਜਾਵੇਗਾ। ਇੱਥੇ ਸਮਾਗਮਾਂ ਲਈ ਹਾਲ, ਡਾਕਟਰੀ ਸਹੂਲਤਾਂ, ਬੱਚਿਆਂ ਲਈ ਲਾਇਬ੍ਰੇਰੀ, ਖੇਡ ਮੈਦਾਨ ਅਤੇ ਪਾਰਕ ਤਿਆਰ ਕੀਤੇ ਜਾਣਗੇ ਤਾਂ ਜੋ ਪੂਰਾ ਕੰਪਲੈਕਸ ਲੋਕਾਂ ਲਈ ਲਾਭਦਾਇਕ ਬਣ ਸਕੇ।

ਸ. ਬੈਂਸ ਨੇ ਕਿਹਾ ਕਿ ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਆਵਾਜਾਈ ਅਤੇ ਪੀਣ ਵਾਲੇ ਪਾਣੀ ਦੀ ਰਹੀ ਹੈ, ਜਿਸਨੂੰ ਧਿਆਨ ਵਿੱਚ ਰੱਖਦਿਆਂ 127 ਕਿਲੋਮੀਟਰ ਸੜਕਾਂ ਨੂੰ ਚੌੜਾਕਰਨ (18 ਫੁੱਟ) ਦਾ ਕੰਮ ਜਾਰੀ ਹੈ ਅਤੇ ਹੋਰ 65 ਕਿਲੋਮੀਟਰ ਸੜਕਾਂ ਜਲਦ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਲਗਭਗ 200 ਕਿਲੋਮੀਟਰ ਸੜਕਾਂ ਦਾ ਜਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪਿੰਡਾਂ ਵਿੱਚ ਵੀ ਨਵੀਆਂ ਸੜਕਾਂ ਬਣ ਰਹੀਆਂ ਹਨ ਜਿੱਥੇ ਪਹਿਲਾਂ ਕਦੇ ਸੜਕ ਹੀ ਮੌਜੂਦ ਨਹੀਂ ਸੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 50 ਪਿੰਡਾਂ ਦੀਆਂ ਫਿਰਨੀਆਂ ਨੂੰ ਆਰ.ਸੀ.ਸੀ. ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ, ਖ਼ਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 17 ਖੇਡ ਮੈਦਾਨਾਂ ’ਤੇ ਕੰਮ ਚੱਲ ਰਿਹਾ ਹੈ ਅਤੇ 33 ਹੋਰ ਮੈਦਾਨ ਮਨਜ਼ੂਰ ਹੋ ਚੁੱਕੇ ਹਨ। ਹਰ ਮੈਦਾਨ ’ਤੇ ਘੱਟੋ-ਘੱਟ 40 ਤੋਂ 50 ਲੱਖ ਰੁਪਏ ਖਰਚ ਕੀਤੇ ਜਾਣਗੇ।

ਸ. ਬੈਂਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦੀ ਵੀ ਗੱਲ ਕਰਦਿਆਂ ਕਿਹਾ ਕਿ ਪੁਲਿਸ, ਸਿੱਖਿਆ ਵਿਭਾਗ, ਮੀਡੀਆ, ਐਨਜੀਓਜ਼ ਅਤੇ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਨੂੰ ਜੜ ਤੋਂ ਖ਼ਤਮ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਚਾਈਨਾ ਡੋਰ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਮਿੰਟਾਂ ਦੇ ਮਨੋਰੰਜਨ ਲਈ ਕਿਸੇ ਦੀ ਕੀਮਤੀ ਜਾਨ ਖ਼ਤਰੇ ਵਿੱਚ ਨਾ ਪਾਈ ਜਾਵੇ।ਉਨ੍ਹਾਂ ਕਿਹਾ ਕਿ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਦਿਖਾਈ ਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਦੂਰ ਦੂਰਾਂਡੇ ਦੇ ਪਿੰਡ ਇਸ ਹਲਕੇ ਵਿੱਚ ਅਜਿਹੇ ਸਨ, ਜਿੱਥੇ ਹਿਮਾਚਲ ਪ੍ਰਦੇਸ਼ ਰਾਹੀ ਹੀ ਦਾਖਲਾ ਸੰਭਵ ਸੀ, ਉਨ੍ਹਾਂ ਪਿੰਡਾਂ ਵਿੱਚ ਵੀ ਸਾਰੀਆਂ ਬੁਨਿਆਦੀ ਸਹੂਲਤਾ ਪਹੁੰਚਾ ਰਹੇ ਹਾਂ।