ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਐਸ.ਜੀ.ਪੀ.ਸੀ. ਦੀ ਹੈ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਪਰ ਐਸ.ਜੀ.ਪੀ.ਸੀ.ਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਵਿਹਲ ਨਹੀਂ ਮਿਲਦੀ’

SGPC has the responsibility to maintain the dignity of Guru Sahib: Bhagwant Mann

ਮਜੀਠਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜਨੇ ਮਜੀਠਾ ਵਿਧਾਨ ਸਭਾ ਹਲਕੇ 'ਚ 23 ਨਵੀਆਂ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਮਜੀਠਾ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ’ਤੇ 11 ਕਰੋੜ 32 ਲੱਖ 68 ਹਜ਼ਾਰ ਰੁਪਏ ਖ਼ਰਚੇ ਜਾਣਗੇ। ਜਦਿਕ ਸਮੁੱਚੇ ਪੰਜਾਬ ਅੰਦਰ 43000 ਕਿਲੋਮੀਟਰ ਸੜਕਾਂ ਦੀ ਕਾਇਆਕਲਪ ਕਰਨ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ’ਤੇ ਕੋਈ ਅਹਿਸਾਨ ਨਹੀਂ ਕਰ ਰਹੇ ਬਲਕਿ ਸੜਕਾਂ ਬਣਾਉਣਾ ਸਾਡਾ ਫਰਜ਼ ਹੈ। ਇਹ ਸਾਰਾ ਵਿਕਾਸ ਦੇ ਲੋਕਾਂ ਦੇ ਪੈਸੇ ਨਾਲ ਹੀ ਹੋ ਰਿਹਾ ਹੈ।  ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਮਜੀਠਾ ਦੇ ਨੇੜਲੇ ਪਿੰਡ ਬਿੱਕਰੌਰ ਵਿਖੇ ਇਕ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿਆਸੀ ਲੜਾਈਆਂ 'ਚ ਨਾ ਘਸੀਟਿਆ ਜਾਵੇ, ਸਗੋਂ ਦਿੱਲੀ 'ਚ ਵਧ ਰਹੇ ਪ੍ਰਦੂਸ਼ਣ ਵਰਗੇ ਅਸਲੀ ਮੁੱਦਿਆਂ 'ਤੇ ਧਿਆਨ ਦਿੱਤਾ ਜਾਵੇ ਅਤੇ ਕਿਸਾਨਾਂ 'ਤੇ ਬੇਬੁਨਿਆਦ ਇਲਜ਼ਾਮ ਲਗਾਉਣ ਤੋਂ ਬਚਿਆ ਜਾਵੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਇਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹੀ ਪਰਿਵਾਰ ਹੈ ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ਾਂ ਨੂੰ ਰੋਟੀਆਂ ਖਵਾਈਆਂ ਸਨ ਤੇ ਅੱਜ ਵੀ ਪੰਜਾਬ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ।

328 ਪਾਵਨ ਸਰੂਪਾਂ ’ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲੱਭਣ ਲਈ ਸਾਨੂੰ ਮਜਬੂਰੀ ਵਿਚ ਸਿੱਟ ਬਣਾਉਣੀ ਪਈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਦਾ ਆਰੋਪ ਲਾਇਆ ਜਾ ਰਿਹਾ ਹੈ ਜਦੋ ਕਿ ਮੱਥਾ ਤਾਂ ਇਨਾਂ ਆਪ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਐਸ.ਜੀ.ਪੀ.ਸੀ. ਦੀ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਰਨ ਤੋਂ ਹੀ ਵਿਹਲ ਨਹੀਂ ਮਿਲਦੀ। ਉਨ੍ਹਾਂ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿੰਦਾ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਪਾਹੀ ਹਾਂ, ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਖੁਦ ਨੂੰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਦੱਸਦਾ ਹੈ।