100 ਕਰੋੜ ਰੁਪਏ ਦੀ ਲਾਗਤ ਨਾਲ ਦੀਨਾਨਗਰ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ : ਸਿੱਧੂ
100 ਕਰੋੜ ਰੁਪਏ ਦੀ ਲਾਗਤ ਨਾਲ ਦੀਨਾਨਗਰ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ.....
ਗੁਰਦਾਸਪੁਰ : 100 ਕਰੋੜ ਰੁਪਏ ਦੀ ਲਾਗਤ ਨਾਲ ਦੀਨਾਨਗਰ ਸ਼ਹਿਰ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫ਼ੰਡ ਵਿਚ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ।ਇਹ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰ, ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਪੁਰਾਤੱਤਵ ਤੇ ਅਜਾਇਬ ਘਰ ਮੰਤਰੀ ਪੰਜਾਬ ਨੇ ਅੱਜ ਦੀਨਾਨਗਰ ਦੇ ਸਿਵਲ ਹਸਪਤਾਲ ਨੇੜੇ 35.53 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ, ਨੇੜੇ ਪਿੰਡ ਦੁਬਰਜੀ ਅਤੇ ਦੀਨਾਨਗਰ ਸ਼ਹਿਰ ਦੇ 100 ਫ਼ੀ ਸਦੀ ਸੀਵਰੇਜ ਤੇ ਵਾਟਰ ਸਪਲਾਈ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤੇ।
ਇਸ ਮੌਕੇ ਸ੍ਰੀਮਤੀ ਅਰੁਣਾ ਚੌਧਰੀ ਕੈਬਨਿਟ ਮੰਤਰੀ, ਅਸ਼ੋਕ ਚੌਧਰੀ ਸੀਨੀਅਰ ਕਾਂਗਰਸੀ ਆਗੂ, ਵਿਪੁਲ ਉਜਵਲ ਡਿਪਟੀ ਕਮਿਸ਼ਨਰ ਤੇ ਅਭਿਨਵ ਚੌਧਰੀ ਮੌਜੂਦ ਸਨ। ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਸ. ਸਿੱਧੂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਘਰ ਵਿਖੇ ਗਏ ਤੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਸ਼ਹੀਦ ਦੇ ਪਿਤਾ ਸਤਪਾਲ ਤੇ ਭਰਾ ਲਖਵਿੰਦਰ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਵਾਰ ਦੇ ਦੁੱਖ ਵਿਚ ਸ਼ਾਮਲ ਹੈ ਅਤੇ ਸ਼ਹੀਦ ਦੇ ਪਰਵਾਰ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ ਅਤੇ ਉਹ ਸ਼ਹੀਦ ਨੂੰ ਸਿਰ ਝੁਕਾ ਕੇ ਸਿਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਘਿਣਾਉਣਾ ਕਾਰਾ ਕੀਤਾ ਹੈ, ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਤਿਵਾਦੀਆਂ ਦਾ ਕੋਈ ਧਰਮ ਜਾਂ ਮਜ਼ਬਾ ਨਹੀਂ ਹੁੰਦਾ, ਇਨ੍ਹਾਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ।