ਸਰਕਾਰ ਹਰਕਤ 'ਚ ਆਈ, 100 ਤੋਂ ਵੱਧ ਸਕੂਲ ਬਸਾਂ ਜ਼ਬਤ ਤੇ 250 ਦੇ ਚਲਾਨ
ਲੌਂਗੋਵਾਲ ਦੇ ਹੌਲਨਾਕ ਹਾਦਸੇ ਤੋਂ ਬਾਅਦ ਹੀ ਸਰਕਾਰ ਦੀ ਨੀਂਦ ਖੁਲ੍ਹੀ ਹੈ। ਅੱਜ ਰਾਜ ਭਰ 'ਚ ਸਰਕਾਰ ਹਰਕਤ ਚ ਆਈ ਅਤੇ ਸਾਰੇ ਜ਼ਿਲ੍ਹਿਆਂ 'ਚ ਸਕੂਲ ਬਸਾਂ ਦੀ ਧੜਾਧੜ ....
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੌਂਗੋਵਾਲ ਦੇ ਹੌਲਨਾਕ ਹਾਦਸੇ ਤੋਂ ਬਾਅਦ ਹੀ ਸਰਕਾਰ ਦੀ ਨੀਂਦ ਖੁਲ੍ਹੀ ਹੈ। ਅੱਜ ਰਾਜ ਭਰ 'ਚ ਸਰਕਾਰ ਹਰਕਤ ਚ ਆਈ ਅਤੇ ਸਾਰੇ ਜ਼ਿਲ੍ਹਿਆਂ 'ਚ ਸਕੂਲ ਬਸਾਂ ਦੀ ਧੜਾਧੜ ਚੈਕਿੰਗ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੌਂਗੋਵਾਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਰਾਜ ਭਰ 'ਚ ਸਕੂਲ ਬਸਾਂ ਦੀ ਚੈਕਿੰਗ ਦੇ ਹੁਕਮ ਦਿਤੇ ਸਨ।
ਮੁੱਖ ਮੰਤਰੀ ਵਲੋਂ ਦਿਤੇ ਹੁਕਮਾਂ 'ਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ 4505 ਸਕੂਲੀ ਵਾਹਨਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਚੋਂ ਮੋਟਰ ਵਾਹਨ ਕਾਨੂੰਨ ਦੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ 'ਤੇ 1649 ਵਾਹਨਾਂ ਦੇ ਚਲਾਨ ਕੀਤੇ ਜਦੋਂ ਕਿ 253 ਨੂੰ ਜ਼ਬਤ ਕੀਤਾ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀ ਮੁਹਿੰਮ ਨਾਲ ਸੁਨਿਸ਼ਚਿਤ ਕੀਤਾ ਜਾਵੇਗਾ
ਕਿ ਅਜਿਹੇ ਸਾਰੇ ਵਾਹਨ ਸੁਰੱਖਿਆ ਲਈ ਲੋੜੀਂਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਗੌਰਤਲਬ ਹੈ ਕਿ ਸ਼ਨਿਚਰਵਾਰ ਨੂੰ ਲੌਂਗੋਵਾਲ ਨੇੜੇ ਇਕ ਸਕੂਲ ਵੈਨ ਵਿੱਚ ਅੱਗ ਲੱਗਣ ਦੀ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਵਿਭਾਗ ਨੂੰ ਸਕੂਲੀ ਵਾਹਨਾਂ ਦੀ ਚੈਕਿੰਗ ਦੀ ਆਦੇਸ਼ ਦਿੰਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ।