ਸਿੰਘੂ ਬਾਰਡਰ ’ਤੇ ਨਿਹੰਗ ਸਿੰਘ ਨੇ ਐਸ.ਐਚ.ਓ.’ਤੇ ਕੀਤਾ ਜਾਨਲੇਵਾ ਹਮਲਾ, ਕਾਰ ਖੋਹਣ ਦੀ ਕੀਤੀ ਕੋਸ਼ਿਸ਼,
ਸਿੰਘੂ ਬਾਰਡਰ ’ਤੇ ਨਿਹੰਗ ਸਿੰਘ ਨੇ ਐਸ.ਐਚ.ਓ.’ਤੇ ਕੀਤਾ ਜਾਨਲੇਵਾ ਹਮਲਾ, ਕਾਰ ਖੋਹਣ ਦੀ ਕੀਤੀ ਕੋਸ਼ਿਸ਼, ਗ੍ਰਿਫ਼ਤਾਰ
ਨਵੀਂ ਦਿੱਲੀ, 17 ਫ਼ਰਵਰੀ : ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਸ਼ਖ਼ਸ ਨੇ ਦਿੱਲੀ ਪੁਲਿਸ ਦੇ ਐੱਸ. ਐੱਚ. ਓ. ’ਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਕਰ ਦਿਤਾ। ਇਸ ਹਮਲੇ ’ਚ ਐੱਸ. ਐੱਚ. ਓ. ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਪੁਲਿਸ ਮੁਤਾਬਕ ਸ਼ਖ਼ਸ ਨੇ ਪੁਲਿਸ ਦੀ ਕਾਰ ਖੋਹ ਕੇ ਦੌੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਦੋਸ਼ੀ ਨੂੰ ਮੁਕਬਰਾ ਚੌਕ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ’ਤੇ ਹਮਲਾ ਕਰਨ ਵਾਲੇ ਸ਼ਖ਼ਸ ਦਾ ਨਾਂ ਹਰਪ੍ਰੀਤ ਸਿੰਘ ਹੈ, ਜੋ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਹੈ। ਇਹ ਘਟਨਾ ਮੰਗਲਵਾਰ ਰਾਤ ਕਰੀਬ 8 ਵਜੇ ਦੀ ਹੈ। ਪੁਲਿਸ ਨੇ ਗਿ੍ਰਫ਼ਤਾਰ ਹਰਪ੍ਰੀਤ ਵਿਰੁਧ ਚੋਰੀ ਅਤੇ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਉਕਤ ਸ਼ਖ਼ਸ ਨਿਹੰਗ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੈ।
ਉਧਰ ਦਿੱਲੀ ਪੁਲਿਸ ਵਲੋਂ ਇਸ ਘਟਨਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਹੈ। ਦਿੱਲੀ ਪੁੁਲਿਸ ਮੁਤਾਬਕ ਸਿੰਘੂ ਬਾਰਡਰ ’ਤੇ ਕੱਲ ਇਕ ਸ਼ਖ਼ਸ ਨੇ ਦਿੱਲੀ ਪੁਲਿਸ ਦੇ ਐੱਸ. ਐੱਚ. ਓ. ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਜਿਸ ’ਚ ਐੱਸ. ਐੱਚ. ਓ. ਜ਼ਖਮੀ ਹੋ ਗਏ ਹਨ। ਦੋਸ਼ੀ ਹਰਪ੍ਰੀਤ ਨੇ ਤਲਵਾਰ ਦੇ ਜ਼ੋਰ ’ਤੇ ਦਿੱਲੀ ਪੁਲਿਸ ਦੇ ਜਵਾਨ ਦੀ ਕਾਰ ਖੋਹ ਲਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਹ ਮੁਕਬਰਾ ਚੌਕ ’ਤੇ ਕਾਰ ਛੱਡ ਕੇ ਇਕ ਸਕੂਟਰੀ ਲੈ ਕੇ ਦੌੜ ਰਿਹਾ ਸੀ।
ਇਸ ਦੌਰਾਨ ਪੁਲਿਸ ਫੋਰਸ, ਜਿਸ ’ਚ ਐੱਸ. ਐੱਚ. ਓ. ਸਮਾਂਪੁਰ ਬਾਦਲੀ ਆਸ਼ੀਸ਼ ਦੁਬੇ ਨੇ ਅਪਣੇ ਬਾਕੀ ਸਟਾਫ਼ ਨਾਲ ਉਸ ਦਾ ਪਿੱਛਾ ਕੀਤਾ। ਸ਼ਖ਼ਸ ਨੇ ਐੱਸ. ਐੱਚ. ਓ. ਆਸ਼ੀਸ਼ ਦੁਬੇ ’ਤੇ ਤਲਵਾਰ ਨਾਲ ਹਮਲਾ ਕਰ ਦਿਤਾ। ਇਸ ਹਮਲੇ ’ਚ ਉਨ੍ਹਾਂ ਦੀ ਗਰਦਨ ’ਚ ਸੱਟ ਲੱਗੀ ਹੈ। ਆਸ਼ੀਸ਼ ਦੁਬੇ ਨੂੰ ਰਾਤ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ ਹੈ। (ਪੀਟੀਆਈ)