ਕਾਂਗਰਸ ਨੇ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਚੋਣਾਂ ਵਿਚ ਵਿਰੋਧੀਆਂ ਨੂੰ ਕਰਾਰੀ ਹਾਰ ਦਿਤੀ
ਕਾਂਗਰਸ ਨੇ ਪੰਜਾਬ ਦੀਆਂ ਸਥਾਨਕ ਸੰਸਥਾਵਾਂ ਚੋਣਾਂ ਵਿਚ ਵਿਰੋਧੀਆਂ ਨੂੰ ਕਰਾਰੀ ਹਾਰ ਦਿਤੀ
ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਨੂੰ ਵੱਡਾ ਝਟਕਾ, ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਵੀ ਭੁਗਤਣਾ ਪਿਆ ਵੱਡਾ ਖ਼ਮਿਆਜ਼ਾ
ਚੰਡੀਗੜ੍ਹ, 17 ਫ਼ਰਵਰੀ (ਗੁਰਉਪਦੇਸ਼ ਭੁੱਲਰ) : 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਇਕ ਸਾਲ ਪਹਿਲਾਂ ਹੋਈਆਂ ਪੰਜਾਬ ਦੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕਾਂਗਰਸ ਨੇ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦਿੰਦਿਆਂ ਹੰੂਝਾ ਫੇਰ ਜਿੱਤ ਹਾਸਲ ਕੀਤੀ ਹੈ | ਜਿਥੇ ਕਿਸਾਨ ਅੰਦੋਲਨ ਦੇ ਚਲਦੇ ਭਾਜਪਾ ਨੂੰ ਵੱਡੀ ਹਾਰ ਹੋਈ, ਉਥੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਾ ਹੈ | ਆਪ ਦੂਜੇ ਸਥਾਨ ਤੋਂ ਥੱਲੇ ਚਲੀ ਗਈ ਹੈ | ਇਨ੍ਹਾਂ ਚੋਣਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ | ਕਿਸਾਨ ਅੰਦੋਲਨ ਦੀ ਖੁਲ੍ਹ ਕੇ ਹਮਾਇਤ ਕਰਨ ਦਾ ਵੀ ਕਾਂਗਰਸ ਨੂੰ ਫ਼ਾਇਦਾ ਮਿਲਿਆ ਹੈ |
ਸ਼ਾਮ ਤਕ ਪ੍ਰਾਪਤ ਅੰਤਮ ਨਤੀਜਿਆਂ ਮੁਤਾਬਕ ਕਾਂਗਰਸ 8 ਨਗਰ ਨਿਗਮਾਂ ਵਿਚੋਂ 6 'ਤੇ ਕਾਬਜ਼ ਹੋਈ ਹੈ ਤੇ ਇਕ ਨਿਗਮ 'ਤੇ ਬਹੁਮਤ ਨਹੀਂ ਪਰ ਆਜ਼ਾਦ ਮੈਂਬਰਾਂ ਨਾਲ ਕਾਂਗਰਸ ਦਾ ਹੀ ਮੇਅਰ ਬਣਨ ਦੇ ਆਸਾਰ ਹਨ | ਮੋਹਾਲੀ ਨਗਰ ਨਿਗਮ ਦਾ ਨਤੀਜਾ ਹਾਲੇ ਆਉਣਾ ਹੈ | ਨਗਰ ਕੌਂਸਲਾਂ ਦੇ 1815 ਵਾਰਡਾਂ ਵਿਚੋਂ ਕਾਂਗਰਸ 1119 ਵਿਚ ਜਿੱਤ ਹਾਸਲ ਕੀਤੀ ਹੈ | ਨਗਰ ਨਿਗਮ ਦੀਆਂ 350 ਸੀਟਾਂ ਵਿਚੋਂ 281 ਉਪਰ ਕਾਂਗਰਸ ਜੇਤੂ ਰਹੀ | ਅਕਾਲੀ ਦਲ ਨੂੰ ਨਗਰ ਕੌਂਸਲਾਂ ਵਿਚ 289, ਨਗਰ ਨਿਗਮ ਵਿਚ 33 ਸੀਟਾਂ 'ਤੇ ਜਿੱਤ ਮਿਲੀ ਹੈ | ਭਾਜਪਾ ਨੂੰ ਨਗਰ ਕੌਂਸਲਾਂ ਵਿਚ 38 ਤੇ ਨਿਗਮਾਂ ਵਿਚ 20 ਸੀਟਾਂ 'ਤੇ ਜਿੱਤ ਮਿਲੀ ਜਦਕਿ 'ਆਪ' ਨੂੰ ਕੌਂਸਲਾਂ ਵਿਚ 57 ਤੇ ਨਿਗਮਾਂ ਵਿਚ ਸਿਰਫ਼ 9 ਸੀਟਾਂ 'ਤੇ ਜਿੱਤ ਮਿਲੀ | 2015 ਦੀਆਂ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ ਕਾਰਗੁਜ਼ਾਰੀ ਬਹੁਤ ਬੇਹਤਰ ਰਹੀ ਹੈ ਅਤੇ ਬਠਿੰਡਾ ਨਗਰ ਨਿਗਮ ਵਿਚ ਕਾਂਗਰਸ ਦਾ ਪਹਿਲੀ ਵਾਰ ਮੇਅਰ ਬਣੇਗਾ |