ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, ਡੇਢ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ।

Photo

 

ਫਿਲੌਰ: ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿਥੇ ਡੇਢ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਲੜਕੀ ਦੇ ਪਿਤਾ ਦਾ ਦੋਸ਼ ਹੈ ਕਿ ਲੜਕਾ ਕਾਰ ਅਤੇ ਸਕੂਟਰ ਮੰਗ ਰਿਹਾ ਸੀ। ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਨਹੀਂ, ਸਗੋਂ ਉਸ ਨੂੰ ਮਾਰ ਕੇ ਲਮਕਾਇਆ ਗਿਆ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ  'ਤੇ ਕੇਸ ਦਰਜ ਕਰਕੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

ਮ੍ਰਿਤਕ ਦੇ ਪਿਓ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ  ਉਨ੍ਹਾਂ ਨੇ ਆਪਣੀ ਬੇਟੀ ਕੋਮਲਪ੍ਰੀਤ ਦਾ  ਵਿਆਹ 30 ਦਸੰਬਰ ਨੂੰ ਬਹਿਲੋਲਪੁਰ ( ਕਰਨਾਲ ) ਦੇ ਰਹਿਣ ਵਾਲੇ ਮਨਦੀਪ ਸਿੰਘ ਜੋ ਕਿ  ਐੱਫ.ਸੀ.ਆਈ. ਵਿਚ ਸਰਕਾਰੀ ਨੌਕਰੀ ਕਰਦਾ ਹੈ ਨਾਲ ਕੀਤਾ ਸੀ। ਵਿਆਹ ਦੇ ਦਿਨ ਮੁੰਡੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਆਪਣੀ ਬੇਟੀ ਨੂੰ ਵਿਦਾ ਕਰਦੇ ਸਮੇਂ ਦਾਜ ਵਿਚ ਹਰ ਉਹ ਸਾਮਾਨ ਦੇ ਕੇ ਭੇਜਿਆ, ਜੋ ਉਨ੍ਹਾਂ ਨੇ ਮੰਗਿਆ ਸੀ। ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਲੜਕੇ ਮਨਦੀਪ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਦੇ ਸਮੇਂ ਜੋ ਉਸ ਨੂੰ ਸੋਨੇ ਦੀ ਮੁੰਦਰੀ ਅਤੇ ਕੜਾ ਪਹਿਨਾਇਆ, ਉਹ ਪਤਲਾ ਹੈ। ਉਸ ਨੂੰ ਹੋਰ ਸੋਨਾ ਲਗਾ ਕੇ ਮੋਟਾ ਕਰਕੇ ਦਿਓ। ਉਨ੍ਹਾਂ ਨੇ ਉਹ ਮੰਗ ਵੀ ਮੰਨ ਲਈ। 

 

ਉਹ ਰੋਜ਼ਾਨਾ ਉਨ੍ਹਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਅਤੇ ਨਵੀਂ ਤੋਂ ਨਵੀਂ ਮੰਗ ਕਰਦਾ। ਉਨ੍ਹਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਮਨਦੀਪ ਉਨ੍ਹਾਂ ਦੀ ਲੜਕੀ ਦੇ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਬੁਰੀ ਤਰ੍ਹਾਂ ਕੁੱਟਮਾਰ ਵੀ ਕਰਦਾ। ਬੇਟੀ ਉਨ੍ਹਾਂ ਨੂੰ ਕੁਝ ਨਹੀਂ ਦੱਸਦੀ ਸੀ ਤੇ ਬੀਤੇ ਦਿਨ ਉਹਨਾਂ ਦੇ ਜਵਾਈ ਮਨਦੀਪ ਨੇ ਫੋਨ ਕਰਕੇ ਕਿਹਾ ਕਿ ਉਹਨਾਂ ਦੀ ਧੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਉਹਨਾਂ ਨੇ ਲੜਕੀ ਦੇ ਸਹੁਰਾ ਘਰ  ਆ ਕੇ ਵੇਖਿਆ ਤਾਂ ਲੜਕੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕਿ ਲੜਕੀ ਦੇ ਸਹੁਰਾ ਪਰਿਵਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ  ਉਹਨਾਂ ਦੀ ਬੇਟੀ ਨਾਲ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਫਾਹੇ ’ਤੇ ਲਮਕਾ ਦਿੱਤਾ।