ਦਮਿਸ਼ਕ, 17 ਫ਼ਰਵਰੀ : ਇਜ਼ਰਾਈਲ ਨੇ ਬੁੱਧਵਾਰ ਸ਼ਾਮ ਨੂੰ ਸੀਰੀਆ ’ਤੇ ਮਿਜ਼ਾਈਲ ਹਮਲਾ ਕੀਤਾ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਨਾਲ ਦਮਿਸ਼ਕ ਦੇ ਦਖਣ ਵਲ ਖੇਤਰ ਨੂੰ ਨਿਸ਼ਾਨਾ ਬਣਾਇਆ ਹੈ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਗੋਲਾਨ ਹਾਈਟਸ ਤੋਂ ਦਾਗੀ ਗਈ ਇਜ਼ਰਾਈਲੀ ਮਿਜ਼ਾਈਲਾਂ ਨੇ ਦਮਿਸ਼ਕ ਖੇਤਰ ’ਚ ਕਾਫੀ ਨੁਕਸਾਨ ਕੀਤਾ ਹੈ। ਰਿਪੋਰਟ ਮੁਤਾਬਕ ਇਜ਼ਰਾਈਲ ਨੇ ਗੋਲਾਨ ਹਾਈਟਸ ਤੋਂ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗੀਆਂ ਜੋ ਜ਼ਕੀਆ ਸ਼ਹਿਰ ਦੇ ਨੇੜੇ ਡਿੱਗੀਆਂ, ਜਿਸ ਨਾਲ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਦਮਿਸ਼ਕ ਨੂੰ ਹਿਲਾ ਕੇ ਰੱਖ ਦਿਤਾ। ਹਾਲਾਂਕਿ ਇਸ ਦੌਰਾਨ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਨਹੀਂ ਸੀ। ਨਾਲ ਹੀ ਇਸ ਹਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਇਜ਼ਰਾਈਲ ਦੇ ਚੈਨਲ-12 ਨੇ ਇਕ ਸਥਾਨਕ ਪੱਤਰਕਾਰ ਦੇ ਹਵਾਲੇ ਨਾਲ ਕਿਹਾ ਕਿ ਇਹ ਹਮਲਾ ਉਸ ਥਾਂ ’ਤੇ ਕੀਤਾ ਗਿਆ ਸੀ ਜਿਥੇ ਈਰਾਨੀ ਤੇ ਸੀਰੀਆ ਦੀਆਂ ਫ਼ੌਜਾਂ ਦਾ ਫ਼ੌਜੀ ਅੱਡਾ ਸੀ। ਸਰਕਾਰੀ ਸਮਾਚਾਰ ਏਜੰਸੀ ਅਨੁਸਾਰ ਇਜ਼ਰਾਈਲੀ ਹਮਲੇ ’ਚ ਇਕ ਸੈਨਿਕ ਦੀ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ। ਹਾਲਾਂਕਿ, ਹਮਲੇ ਦੇ ਜਵਾਬ ’ਚ, ਸੀਰੀਆਈ ਫ਼ੌਜ ਨੇ ਇਕ ਐਂਟੀ-ਏਅਰਕ੍ਰਾਫ਼ਟ ਮਿਜ਼ਾਈਲ ਦਾਗੀ ਜੋ ਉਤਰੀ ਇਜ਼ਰਾਈਲ ’ਤੇ ਹਵਾ ’ਚ ਫਟ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਿਜ਼ਾਈਲ ਦੇ ਟੁਕੜੇ ਹੋਮੇਸ਼ ਪੋਸਟ ਦੇ ਕੋਲ ਡਿੱਗ ਗਏ ਜਿਸ ਕਾਰਨ ਅੱਗ ਲੱਗ ਗਈ। (ਏਜੰਸੀ)
image