500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ: ਮੁਲਜ਼ਮ 'ਤੇ ਬਲਾਤਕਾਰ, ਲੁੱਟ-ਖੋਹ ਤੇ ਚੋਰੀ ਦੇ 10 ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਤੋਂ ਰਿਹਾਅ ਹੁੰਦੇ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਗਿਆ

photo

 

ਜਲੰਧਰ : ਪੰਜਾਬ ਦੀ ਜਲੰਧਰ ਪੁਲਿਸ ਨੇ ਇੱਕ ਪੇਸ਼ੇਵਰ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਪਰਾਧੀ ਖਿਲਾਫ ਬਲਾਤਕਾਰ, ਡਕੈਤੀ, ਕੁੱਟਮਾਰ ਅਤੇ ਨਸ਼ਾ ਤਸਕਰੀ ਦੇ 10 ਮਾਮਲੇ ਦਰਜ ਹਨ। ਅਜੇ ਉਹ ਜੇਲ੍ਹ ਤੋਂ ਬਾਹਰ ਆਇਆ ਹੀ ਸੀ ਕਿ ਉਹ ਫਿਰ ਤੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਹੋ ਗਿਆ। ਹੁਣ ਪੁਲਿਸ ਨੇ ਇਸ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਫੜੇ ਗਏ ਮੁਲਜ਼ਮ ਦੀ ਪਛਾਣ 32 ਸਾਲਾ ਅਵਤਾਰ ਸਿੰਘ ਉਰਫ਼ ਪੱਡਾ ਪੁੱਤਰ ਤਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਡੀਸੀਪੀ ਜਸਕਿਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਵਤਾਰ ਸਿੰਘ ਮੋਟਰਸਾਈਕਲ ਨੰਬਰ ਪੀਬੀ-38ਡੀ-2702 ’ਤੇ ਤਰਨਤਾਰਨ ਤੋਂ ਹੈਰੋਇਨ ਦੀ ਡਲਿਵਰੀ ਕਰਨ ਆਇਆ ਸੀ, ਪਰ ਸੀਆਈਏ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ।

ਸੀਆਈਏ ਦੀ ਟੀਮ ਨੇ ਮਾਤਾ ਰਾਣੀ ਚੌਕ, ਮਾਡਲ ਹਾਊਸ ਵਿਖੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਅਵਤਾਰ ਸਿੰਘ ਉਰਫ਼ ਪੱਡਾ ਬਾਈਕ 'ਤੇ ਸਵਾਰ ਹੋ ਕੇ ਆਇਆ। ਸੀਆਈਏ ਇੰਚਾਰਜ ਅਸ਼ੋਕ ਕੁਮਾਰ ਨੇ ਪੱਡਾ ਨੂੰ ਦੇਖ ਕੇ ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ।

ਤੁਰੰਤ ਮੌਕੇ ’ਤੇ ਸੀਆਈਏ ਦੇ ਐਸਐਚਓ ਅਸ਼ੋਕ ਕੁਮਾਰ ਨੇ ਜਲੰਧਰ ਪੱਛਮੀ ਦੇ ਏਸੀਪੀ ਭੁਪਿੰਦਰ ਸਿੰਘ ਨੂੰ ਮੌਕੇ ’ਤੇ ਬੁਲਾਇਆ। ਐਨ.ਡੀ.ਪੀ.ਐਸ. ਐਕਟ ਦੀਆਂ ਸ਼ਰਤਾਂ ਅਨੁਸਾਰ ਗਜ਼ਟਿਡ ਅਫਸਰਾਂ ਅਤੇ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ 'ਤੇ ਹੀ ਮਹਿੰਗੇ ਨਸ਼ੀਲੇ ਪਦਾਰਥਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਅਵਤਾਰ ਦੇ ਖਿਲਾਫ ਥਾਣਾ ਭਾਰਗਵ ਕੈਂਪ 'ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।