ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 10 ਮੁਲਜ਼ਮਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਕੀਤਾ ਕਾਬੂ, 2 ਸਕਾਰਪੀਓ ਗੱਡੀਆਂ ਵੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਥਿਆਰਾਂ ਵਿੱਚ 6 ਬਾਰਾਂ ਬੋਰ ਬੰਦੂਕਾਂ ਤੇ ਤਿੰਨ 32 ਬੋਰ ਪਿਸਟਲ ਸ਼ਾਮਲ

photo

 

ਬਰਨਾਲਾ- ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਗੈਂਗਸਟਰਵਾਦ ਦੇ ਖ਼ਾਤਮੇ ਲਈ ਪੰਜਾਬ ਵਿਚ ਮੁਹਿੰਮ ਵਿੱਢੀ ਹੋਈ ਹੈ। ਪੁਲਿਸ ਨੇ 10 ਮੁਲਜ਼ਮਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ 2 ਸਕਾਰਪੀਓ ਗੱਡੀਆਂ ਵੀ ਬਰਾਮਦ ਹੋਈਆਂ ਹਨ। ਐਸਐਸਪੀ ਬਰਨਾਲਾ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਉਪਰ ਪਹਿਲਾਂ ਕਤਲ, ਡਕੈਤੀ, ਨਸ਼ੇ ਅਤੇ ਅਸਲੇ ਦੇ ਮਾਮਲੇ ਦਰਜ ਹਨ। ਇੱਕ ਮੁਲਜ਼ਮ ਗੈਂਗਸਟਰ ਕੁਲਵੀਰ ਨਰੂਆਣਾ ਤੇ ਅਜੀਜ ਖਾਨ ਦੇ ਸਾਥੀ ਰਹੇ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਇੱਕ ਅਪਰਾਧਿਕ ਮਾਮਲੇ ਵਿੱਚ ਨਾਮਜਦ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਸਮਾਜ ਵਿਰੋਧੀ ਅਤੇ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਬਰਨਾਲਾ ਦੇ ਐਸ.ਪੀ.ਡੀ ਰਮਨੀਸ਼ ਚੌਧਰੀ, ਡੀਐਸਪੀ ਮਾਨਵਜੀਤ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਤੋਂ 9 ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਹਨ। ਇਸ ਵਿੱਚ 6 ਬਾਰਾਂ ਬੋਰ, ਤਿੰਨ 32 ਬੋਰ ਪਿਸਤੌਲ ਬਰਾਮਦ ਕਰਕੇ ਕਈ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇਹਨਾਂ ਮੁਲਜ਼ਮਾਂ ਤੋਂ ਦੋ ਸਕਾਰਪੀਓ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹਨਾਂ ਮੁਲਜ਼ਮਾਂ ਉਪਰ ਲੁੱਟਖੋਹ, ਨਸ਼ੇ, ਅਸਲੇ ਅਤੇ ਕਤਲ ਵਰਗੇ ਗੰਭੀਰ ਦੋਸ਼ਾਂ ਤਹਿਤ ਪਹਿਲਾਂ ਮਾਮਲੇ ਦਰਜ਼ ਹਨ। ਇਹਨਾਂ ਵਿੱਚੋਂ ਇੱਕ ਮੁਲਜ਼ਮ ਸਤਨਾਮ ਸਿੰਘ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਅਤੇ ਅਜੀਤ ਸਿੰਘ ਗੈਂਗਸਟਰ ਦੇ ਗੈਂਗ ਨਾਲ ਸਬੰਧਤ ਹੈ ਅਤੇ ਇੱਕ ਕੇਸ ਵਿੱਚ ਸ਼ਾਮਲ ਵੀ ਹੈ। ਉਹਨਾਂ ਕਿਹਾ ਕਿ ਇਹ ਗਿਰੋਹ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਸਨ। ਜਿਹਨਾਂ ਨੂੰ ਪੁਲਿਸ ਨੇ ਕਾਬੂ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।