ਮਾਛੀਵਾੜਾ ਸਾਹਿਬ ਥਾਣੇ ਦੇ ਬਾਹਰ ਦੋ ਧਿਰਾਂ ਦਰਮਿਆਨ ਹੋਇਆ ਝਗੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਦਰਜ ਕਰਵਾਉਣ ਆਈ ਧਿਰ ’ਤੇ ਨਿਹੰਗ ਬਾਣੇ ’ਚ ਆਏ ਵਿਅਕਤੀਆਂ ਨੇ ਕੀਤਾ ਹਮਲਾ

A fight broke out between two parties outside Machhiwara Sahib police station.

ਮਾਛੀਵਾੜਾ : ਮਾਛੀਵਾੜਾ ਸਾਹਿਬ ਪੁਲਿਸ ਸਟੇਸ਼ਨ ਬਾਹਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਚੱਲ ਰਹੇ ਆਪਸੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਅਤੇ ਕੁਝ ਵਿਅਕਤੀਆਂ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਧਿਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜੀ ਸੀ, ਜਦਕਿ ਦੂਜੀ ਧਿਰ ਨਿਹੰਗ ਬਾਣੇ ਵਿੱਚ ਓਥੇ ਆ ਪਹੁੰਚੀ ਅਤੇ ਦੂਜੀ ਧਿਰ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਜ਼ਖ਼ਮੀਆਂ ਨੇ ਇਲਜ਼ਾਮ ਲਗਾਇਆ ਕਿ ਪਿੰਡ ਇਰਾਕ ਦੇ ਵਸਨੀਕਾਂ ਅਤੇ ਪਿੰਡ ਭੱਟੀਆ ਦੇ ਵਿਅਕਤੀਆਂ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ । ਉਨ੍ਹਾਂ ਮੁਤਾਬਕ ਹਮਲਾਵਰ ਜੋ ਨਿਹੰਗ ਬਾਣੇ ਵਿੱਚ ਸੀ ਅਤੇ ਉਸ ਦੇ ਸਾਥੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਜ਼ਖ਼ਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਮ ਕਰਦੇ ਇਕ ਨੌਜਵਾਨ ਨਾਲ ਮਾਰਕੁੱਟ ਕੀਤੀ ਜਾਂਦੀ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਉਹ ਪੁਲਿਸ ਕੋਲ ਸ਼ਿਕਾਇਤ ਦੇਣ ਆਏ ਸਨ। ਅੱਖੀਂ ਦੇਖਣ ਵਾਲਿਆਂ ਅਨੁਸਾਰ ਹਮਲੇ ਦੌਰਾਨ ਥਾਣੇ ਬਾਹਰ ਚੀਕ-ਚਿਹਾੜਾ ਮਚ ਗਿਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਕਰਮਚਾਰੀਆਂ ਨੇ ਤੁਰੰਤ ਦਖ਼ਲ ਅੰਦਾਜ਼ੀ ਕਰਦੇ ਹੋਏ ਹਾਲਾਤ ਕਾਬੂ ਕੀਤੇ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਗੱਡੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ। ਇਲਾਕੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।