Bathinda News: ਬਠਿੰਡਾ ਦੇ ਪਿੰਡ ਖਿਆਲੀਵਾਲਾ 'ਚ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ 'ਤੇ ਹਮਲਾ, ਦਾੜ੍ਹੀ ਤੇ ਕੇਸਾਂ ਦੀ ਕੀਤੀ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News: ਪੁਲਿਸ ਨੇ 3 ਲੋਕਾਂ 'ਤੇ ਕੀਤਾ ਮਾਮਲਾ ਦਰਜ

Amritdhari Sikh preacher attacked in Khialiwala village of Bathinda

ਬਠਿੰਡਾ ਦੇ ਪਿੰਡ ਖਿਆਲੀਵਾਲਾ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ 'ਤੇ ਹਮਲਾ ਕੀਤਾ ਗਿਆ ਅਤੇ ਉਸ ਦੇ ਕੇਸ ਅਤੇ ਦਾੜ੍ਹੀ ਦੀ ਬੇਅਦਬੀ ਕੀਤੀ ਗਈ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਿਆ ਗਿਆ ਅਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਗਿਆ। ਪੀੜਤ ਰਘਵੀਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਰਘਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ। ਉਹ ਪਿੰਡ ਦੇ ਹੀ ਇੱਕ ਮਿਸਤਰੀ ਅਮਰਜੀਤ ਸਿੰਘ ਦੇ ਘਰ ਕਿਸੇ ਕੰਮ ਲਈ ਗਿਆ ਸੀ। ਪਿੰਡ ਦੇ ਹੀ ਹਰਦੀਪ ਸਿੰਘ ਅਤੇ ਜਸਵੰਤ ਸਿੰਘ ਨੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਦੇ ਅਨੁਸਾਰ, ਮੁਲਜ਼ਮਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਕੈਂਚੀ ਨਾਲ ਉਸ ਦੇ  ਕੇਸ ਅਤੇ ਦਾੜ੍ਹੀ ਕਤਲ ਕਰ ਦਿੱਤੀ। ਜਦੋਂ ਰਘਵੀਰ ਸਿੰਘ ਅਤੇ ਮਿਸਤਰੀ ਅਮਰਜੀਤ ਸਿੰਘ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ ਅਤੇ ਫਿਰ ਮੌਕੇ ਤੋਂ ਭੱਜ ਗਏ।

ਹਮਲੇ ਤੋਂ ਬਾਅਦ ਰਘਵੀਰ ਸਿੰਘ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਨੇਹੀਆਂਵਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ, ਖਿਆਲੀਵਾਲਾ ਪਿੰਡ ਦੇ ਹਰਦੀਪ ਸਿੰਘ, ਜਸਵੰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 299, 351(2), 115(2) ਅਤੇ 61(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।