ਬੇਅੰਤ ਸਿੰਘ ਕਤਲ ਕਾਂਡ : ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ’ਤੇ ਸੁਣਵਾਈ 18 ਮਾਰਚ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਂਸੀ ਦੀ ਸਜ਼ਾ ਉਮਰ ਕੈਦ ’ਚ ਬਦਲਣ ਦੀ ਕੀਤੀ ਸੀ ਮੰਗ

Beant Singh murder case: Hearing on Balwant Singh Rajoana's appeal on March 18

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ’ਤੇ 18 ਮਾਰਚ ਨੂੰ ਸੁਣਵਾਈ ਕਰੇਗਾ।

ਰਾਜੋਆਣਾ ਨੇ ਅਪਣੀ ਅਪੀਲ ’ਚ ਰਹਿਮ ਦੀ ਬੇਨਤੀ ’ਤੇ ਫ਼ੈਸਲਾ ਕਰਨ ’ਚ ਦੇਰੀ ਕਾਰਨ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਅਪੀਲ ਕੀਤੀ ਹੈ। ਰਾਜੋਆਣਾ 29 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹ ’ਚ ਹਨ, ਜਿਨ੍ਹਾਂ ’ਚੋਂ 15 ਸਾਲ ਤੋਂ ਵੱਧ ਸਮਾਂ ਉਹ ਮੌਤ ਦੀ ਸਜ਼ਾ ਪਾਏ ਕੈਦੀ ਵਜੋਂ ਲੰਘਾ ਚੁਕੇ ਹਨ। 

ਕੇਂਦਰ ਸਰਕਾਰ ਵਲੋਂ ਪੇਸ਼ ਵਕੀਲ ਨੇ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮੇਹਤਾ ਅਤੇ ਜਸਟਿਸ ਐਨ.ਬੀ. ਅੰਜਾਰੀਆ ਦੀ ਬੈਂਚ ਨੂੰ ਦਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ’ਚ ਕੁੱਝ ਸਮਾਂ ਚਾਹੀਦਾ ਹੈ। ਰਾਜੋਆਣਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸਿਖਰਲੀ ਅਦਾਲਤ ਦੇ 24 ਸਤੰਬਰ, 2025 ਦੇ ਹੁਕਮ ਦਾ ਹਵਾਲਾ ਦਿਤਾ ਜਿਸ ’ਚ ਕਿਹਾ ਗਿਆ ਸੀ ਕਿ ਵਿਰੋਧੀ ਧਿਰ ਵਲੋਂ ਮੁਲਤਵੀ ਲਈ ਅੱਗੇ ਕਿਸੇ ਵੀ ਅਪੀਲ ਉਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬੈਂਚ ਨੇ ਕਿਹਾ, ‘‘ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਹੋਵੇਗੀ।’’

ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਰਾਜੋਆਣਾ ਦੀ ਰਹਿਮ ਦੀ ਅਪੀਲ ਬਾਰੇ ਫ਼ੈਸਲਾ ਕਰਨ ਲਈ ਕਿਹਾ ਸੀ। ਕੇਂਦਰ ਨੇ ਉਦੋਂ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਰਹਿਮ ਦੀ ਅਪੀਲ ਵਿਚਾਰ ਅਧੀਨ ਹੈ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ 16 ਹੋਰ ਵਿਅਕਤੀ 31 ਅਗੱਸਤ, 1995 ਨੂੰ ਚੰਡੀਗੜ੍ਹ ’ਚ ਸਿਵਲ ਸਕੱਤਰੇਤ ਦੇ ਗੇਟ ਨੇੜੇ ਹੋਏ ਧਮਾਕੇ ’ਚ ਮਾਰੇ ਗਏ ਸਨ। ਇਕ ਵਿਸ਼ੇਸ਼ ਅਦਾਲਤ ਨੇ ਜੁਲਾਈ 2007 ’ਚ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ।