ਖਡੂਰ ਸਾਹਿਬ 'ਚ ਦੋ ਮਹਿਲਾਵਾਂ ਦੇ ਕਿਰਦਾਰ ਦਾ ਵੀ ਮੁਕਾਬਲਾ
ਮੁਕਾਬਲਾ ਇੱਕ ਪਾਸੜ ਨਹੀਂ ਪਰ ਪੀਡੀਏ ਤੇ ਅਕਾਲੀ ਦਲ ਦੀਆਂ ਮਹਿਲਾ ਉਮੀਦਵਾਰ ਇੱਥੇ ਇੱਕ-ਦੂਜੇ ਦੇ ਕਿਰਦਾਰ ਨਾਲ ਵੀ ਮੁਕਾਬਲਾ ਕਰਨਗੇ
ਤਰਨ ਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਮਨੁੱਖੀ ਅਧਿਕਾਰ ਕਾਰਕੁਨ ਪਰਜੀਤ ਕੌਰ ਖਾਲੜਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਚੋਣ ਮੈਦਾਨ ਵਿਚ ਹਨ। ਮੁਕਾਬਲਾ ਇੱਕਪਾਸੜ ਨਹੀਂ ਪਰ ਪੀਡੀਏ ਤੇ ਅਕਾਲੀ ਦਲ ਦੀਆਂ ਮਹਿਲਾ ਉਮੀਦਵਾਰ ਇੱਥੇ ਇੱਕ-ਦੂਜੇ ਦੇ ਕਿਰਦਾਰ ਨਾਲ ਵੀ ਮੁਕਾਬਲਾ ਕਰਨਗੇ।
ਇਹ ਕਹਿਣਾ ਹੈ ਪਰਮਜੀਤ ਕੌਰ ਖਾਲੜਾ ਦਾ, ਜੋ ਆਪਣੇ ਪਤੀ ਨਾਲ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਦੇ ਤਸ਼ੱਦਦ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਆਏ ਹਨ। ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਖਡੂਰ ਸਾਹਿਬ ਵਿਚ ਮੁਕਾਬਲਾ ਦੋ ਬੀਬੀਆਂ ਦੇ ਕਿਰਦਾਰ ਦਾ ਵੀ ਹੋਣਾ ਹੈ। ਖਡੂਰ ਸਾਹਿਬ ਸੀਟ ਤੋਂ ਡੈਮੋਕ੍ਰੈਟਿਕ ਅਲਾਇੰਸ ਦੀ ਉਮੀਦਵਾਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਖਾਲੜਾ ਦੀ ਪਤਨੀ ਹੈ। ਖਾਲੜਾ ਸੰਨ 1999 ਵਿਚ ਗੁਰਚਰਨ ਸਿੰਘ ਟੌਹੜਾ ਦੀ ਪਾਰਟੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਵੀ ਚੋਣ ਲੜ ਚੁੱਕੇ ਹਨ।
ਉਨ੍ਹਾਂ ਆਪਣੇ ਵਿਰੋਧੀ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਵਿਚ ਬਾਹਰੀ ਉਮੀਦਵਾਰ ਦੱਸਿਆ ਤੇ ਕਿਹਾ ਕਿ ਇਸ ਵਾਰ ਮੁਕਾਬਲਾ ਦੋ ਬੀਬੀਆਂ ਦੇ ਕਿਰਦਾਰ ਦਾ ਵੀ ਹੋਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦੇ ਮੁੱਦੇ ਹੱਲ ਨਹੀਂ ਹੁੰਦੇ, ਇਸ ਲਈ ਹਰ ਚੋਣਾਂ ਵਿਚ ਉਹੀ ਮੁੱਦੇ ਹੁੰਦੇ ਹਨ। ਖਾਲੜਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਆਪਣੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹੈ। ਸਰਹੱਦੀ ਖੇਤਰ ਦੇ ਲੋਕਾਂ ਦੇ ਆਪਣੇ ਹੀ ਗੰਭੀਰ ਮਸਲੇ ਹਨ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਪਹਿਲੀ ਪੀੜ੍ਹੀ ਅਤਿਵਾਦ ਨੇ ਤਬਾਹ ਕਰ ਦਿੱਤੀ, ਦੂਜੀ ਨਸ਼ਿਆਂ ਨੇ ਖਾ ਲਈ ਤੇ ਤੀਜੀ ਵਿਦੇਸ਼ ਤੁਰ ਗਈ। ਪਰਮਜੀਤ ਕੌਰ ਖਾਲੜਾ ਦੇ ਪਤੀ ਤੇ ਉੱਘੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਕਤਲ ਕੀਤੇ ਜਾਣ ਦਾ ਪਰਦਾਫਾਸ਼ ਕੀਤਾ ਸੀ।
ਉਨ੍ਹਾਂ ਅਤਿਵਾਦ ਵਿਚ ਗੁੰਮਸ਼ੁਦਾ ਹੋਏ ਮੁੰਡਿਆਂ ਦੀ ਲੜਾਈ ਲੜੀ ਹੈ। ਖਾਲੜਾ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਸਿਰਫ਼ ਇਲਜ਼ਾਮ ਤੇ ਦੂਸ਼ਣਬਾਜ਼ੀ ਕਰਦੀਆਂ ਹਨ ਪਰ ਕੋਈ ਐਕਸ਼ਨ ਨਹੀਂ ਲੈਦੀਆਂ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਮੁੱਦਿਆਂ ਦੀ ਰਾਜਨੀਤੀ ਕਰਨਾ ਚਾਹੁੰਦੇ ਹਾਂ ਤੇ ਇਸ ਲਈ ਉਹ ਲੰਮੇ ਅਰਸੇ ਬਾਅਦ ਚੋਣ ਮੈਦਾਨ ਵਿਚ ਨਿੱਤਰੇ ਹਨ।