ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਦਾ ਲੇਖਾ ਜੋਖਾ ਕੀਤਾ ਪੇਸ਼, ਬਦਲਿਆ ਕਰਫਿਊ ਦਾ ਸਮਾਂ
ਸਿੱਧੂ ਜਲਦੀ ਹੀ ਮੇਰੀ ਟੀਮ ਦਾ ਹਿੱਸਾ ਹੋਣਗੇ।
ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਸਬੰਧੀ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਤਿੰਨੋ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹਾਂ ਅਤੇ ਅਸੀਂ ਅਪਣੇ ਖੇਤੀ ਕਾਨੂੰਨ ਲੈ ਕੇ ਆਏ ਹਾਂ। ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨ ਬਣਾਉਣ ਲਈ ਪਾਸ ਬਿਲ ਰਾਜਪਾਲ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ 112 ਕਿਸਾਨਾਂ ਜਾਨ ਗਈ ਹੈ।
ਬੇਅਦਬੀ ਮਾਮਲੇ 'ਤੇ ਬੋਲੇ ਕੈਪਟਨ : ਇਸ ਤੋਂ ਬਾਅਦ ਉਨ੍ਹਾਂ ਨੇ ਬੇਅਦਬੀ ਮਾਮਲਿਆਂ ਸਬੰਧੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਪੂਰ ਹੋ ਚੁੱਕੀ ਹੈ ਤੇ ਜਲਦੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨਸ਼ੇ ਦੇ ਖਾਤਮੇ ਬਾਰੇ ਆਪਣਾ ਪੱਖ ਰਖਦਿਆਂ ਕਿਹਾ "ਮੈਂ ਗੁਟਕਾ ਸਾਹਿਬ ਫੜਕੇ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਚੁੱਕੀ ਸੀ, ਉਸ ਗੱਲ਼ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ।" ਕੈਪਟਨ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਸ਼ਰਾਬ ਖ਼ਤਮ ਕਰ ਦੇਵਾਂਗਾ। ਅਸੀਂ ਕੋਈ ਵੀ ਵਾਅਦਾ ਅਧੂਰਾ ਨਹੀਂ ਛੱਡਾਂਗੇ। ਚੋਣ ਮੈਨੀਫੈਸਟੋ ਦੇ 85 ਫੀਸਦ ਵਾਅਦੇ ਪੂਰੇ ਕੀਤੇ ਹਨ। ਇਕ ਸਾਲ ਵਿਚ ਬਾਕੀ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ।
ਰਾਤ ਦਾ ਕਰਫਿਊ 11 ਵਜੇ ਦੀ ਥਾਂ 9 ਵਜੇ ਹੋਵੇਗਾ ਸ਼ੁਰੂ
ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਾਮਲੇ ਵਧਣ ਕਰਕੇ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਦੇ 11 ਜ਼ਿਲ੍ਹਿਆਂ ਚ ਰਾਤ ਦੇ ਕਰਫਿਊ ਦਾ ਸਮਾਂ ਬਦਲਿਆ ਗਿਆ ਹੈ। ਹੁਣ ਰਾਤ ਦਾ ਕਰਫਿਊ 11 ਵਜੇ ਦੀ ਥਾਂ 9 ਵਜੇ ਸ਼ੁਰੂ ਹੋਵੇਗਾ। ਕੋਰੋਨਾ ਦੀ ਰੋਕਥਾਮ ਲਈ ਸਖਤ ਕਦਮ ਚੁੱਕਾਂਗੇ।
ਕੌਮੀ ਸੁਰੱਖਿਆ ਨੂੰ ਲੈ ਕੇ ਕੈਪਟਨ ਦਾ ਬਿਆਨ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਕਿਸਾਨੀ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਸਰਹੱਦ ਪਾਰੋਂ ਡਰੋਨਜ਼ ਦੇ ਆਉਣ ਦੀ ਗਿਣਤੀ ਵਧੀ ਹੈ। ਹੁਣ ਤੱਕ 1900 ਤੋਂ ਵੱਧ ਹਥਿਆਰ ਤੇ 11000 ਗੋਲਾ ਬਾਰੂਦ ਬਰਾਮਦ ਹੋਇਆ ਹੈ।
ਨਵਜੋਤ ਸਿੱਧੂ ਨਾਲ ਹੋਈ ਮੁਲਾਕਾਤ ਨੂੰ ਲੈ ਕੇ ਦਿੱਤਾ ਬਿਆਨ
ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨਾਲ ਵਧੀਆ ਮਾਹੌਲ 'ਚ ਮੀਟਿੰਗ ਹੋਈ ਹੈ ਤੇ ਉਮੀਦ ਹੈ ਸਿੱਧੂ ਜਲਦੀ ਹੀ ਮੇਰੀ ਟੀਮ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਸਿੱਧੂ ਨੇ ਅਜੇ ਥੋੜ੍ਹਾ ਸਮਾਂ ਮੰਗਿਆ ਹੈ। ਇਸ ਦੇ ਨਾਲ ਉ੍ਹਨ੍ਹਾਂ ਇਹ ਵੀ ਕਿਹਾ ਕਿ ਰਾਜਨੀਤੀ ਤੋਂ ਇਲਾਵਾ ਮੇਰੇ ਸਿੱਧੂ ਨਾਲ ਪਰਿਵਾਰਕ ਸਬੰਧ ਵੀ ਹਨ। ਸਾਰੇ ਹੀ ਨੇਤਾ ਸਿੱਧੂ ਨੂੰ ਸਾਡੀ ਟੀਮ ਵਿਚ ਦੇਖਣਾ ਚਹੁੰਦੇ ਹਨ ਤੇ ਉਹ ਜਲਦੀ ਹੀ ਸਾਡੀ ਟੀਮ ਦਾ ਹਿੱਸਾ ਹੋਣਗੇ।
EVM ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਬਿਆਨ
ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਈਵੀ ਰਾਹੀਂ ਵੋਟਿੰਗ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬੈਲੇਂਟ ਪੇਪਰ ਰਾਹੀਂ ਵੋਟਿੰਗ ਕਰਵਾਓਣ ਦੇ ਹੱਕ ਵਿਚ ਹਾਂ। ਅਗਲਾ ਸੀਐਮ ਦਾ ਚਿਹਰਾ ਕੌਣ ਹੋਵੇਗਾ ਇਹ ਹਾਈਕਮਾਨ ਤਹਿ ਕਰੇਗੀ।
ਐਫਸੀਆਈ ਦੇ ਨਵੇਂ ਫੈਸਲੇ ਤੇ ਚੁੱਕੇ ਸਵਾਲ
ਠੇਕੇ ਤੇ ਜ਼ਮੀਨ ਲੈਣ ਵਾਲੇ ਰਿਕਾਰਡ ਕਿਵੇਂ ਦੇਣ ਸਕਦੇ ਹੈ। ਕੇਂਦਰ ਸਰਕਾਰ ਆੜ੍ਹਤੀਆ ਸਿਸਟਮ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਕਿਸਾਨਾਂ ਤੇ ਆੜ੍ਹਤੀਆਂ ਦਾ ਰਿਸ਼ਤਾ ਕਾਇਮ ਰਹਿਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਉਹ ਸਿੱਧੀ ਅਦਾਇਗੀ ਦੇ ਖ਼ਿਲਾਫ਼ ਹਨ।