ਸਾਡੇ ਨੇਤਾ ਕੁੱਤੀ ਦੀ ਮੌਤ ’ਤੇ ਸ਼ੋਕ ਸੰਦੇਸ਼ ਜਾਰੀ ਕਰ ਦਿੰਦੇ ਨੇ ਪਰ 250 ਕਿਸਾਨਾਂ ਦੀ ਮੌਤ ’ਤੇ ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

। ਰਾਜਪਾਲ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁਲ (ਐਮਐਸਪੀ) ਸਿਰਫ਼ ਇਕੋ ਮੁੱਦਾ ਹੈ।

Satyapal Malik

ਜੈਪੁਰ : ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ’ਤੇ ਨੇਤਾਵਾਂ ਦੇ ਰੁਖ਼ ਨੂੰ ਲੈ ਕੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਸਖ਼ਤ ਟਿਪਣੀ ਕੀਤੀ ਹੈ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਮਾਰੇ ਗਏ ਕਿਸਾਨਾਂ ਬਾਰੇ ਚਿੰਤਾ ਜਤਾਈ ਹੈ। ਰਾਜਪਾਲ ਨੇ ਕਿਹਾ ਹੈ ਕਿ ਜੇ ਇਕ ਵੀ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਬੜਾ ਦੁਖ ਹੁੰਦਾ ਹੈ।

ਰਾਜਸਥਾਨ ਪਹੁੰਚੇ ਰਾਜਪਾਲ ਨੇ ਝੁੰਝੁਨੂੰ ’ਚ ਇਕ ਨਿਜੀ ਸਮਾਗਮ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਾ ਲੰਮਾ ਸਮਾਂ ਕਿਸੇ ਦੇ ਹਿਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕੁਤੀਆ ਮਰ ਜਾਂਦੀ ਹੈ ਤਾਂ ਸਾਡੇ ਆਗੂ ਸ਼ੋਕ ਦਾ ਸੰਦੇਸ ਜਾਰੀ ਕਰ ਦਿੰਦੇ ਹਨ। ਜੇ 250 ਕਿਸਾਨਾਂ ਦੀ ਮੌਤ ਹੋ ਗਈ, ਤਾਂ ਕੋਈ ਬੋਲਿਆ ਨਹੀਂ। ਇਹ ਮੈਨੂੰ ਦੁਖੀ ਕਰਦਾ ਹੈ।

ਰਾਜਪਾਲ ਮਲਿਕ ਡਿਡਵਾਨਾ ਤੋਂ ਦਿੱਲੀ ਜਾਂਦੇ ਸਮੇਂ ਕੁੱਝ ਦੇਰ ਲਈ ਰਾਜਸਥਾਨ ਦੇ ਝੁੰਝਨੂੰ ਵਿਚ ਰੁਕੇ ਸਨ। ਰਾਜਪਾਲ ਨੇ ਦਾਅਵਾ ਕੀਤਾ ਕਿ ਇਹ ਕੋਈ ਅਜਿਹਾ ਮਾਮਲਾ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਦੋਵਾਂ ਪਾਸਿਆਂ ਵਿਚਕਾਰ ਬਹੁਤੀ ਦੂਰੀ ਨਹੀਂ ਤੇ ਇਹ ਮਾਮਲਾ ਹੱਲ ਹੋ ਸਕਦਾ ਹੈ। ਰਾਜਪਾਲ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁਲ (ਐਮਐਸਪੀ) ਸਿਰਫ਼ ਇਕੋ ਮੁੱਦਾ ਹੈ। ਜੇ ਤੁਸੀਂ ਐਮਐਸਪੀ ਨੂੰ ਕਾਨੂੰਨੀ ਰੂਪ ਦਿੰਦੇ ਹੋ, ਤਾਂ ਇਹ ਮੁੱਦਾ ਅਸਾਨੀ ਨਾਲ ਹੱਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮੁੱਦਾ ਹੁਣ ਦੇਸ਼ ਭਰ ਦੇ ਕਿਸਾਨਾਂ ਤਕ ਪਹੁੰਚ ਗਿਆ ਹੈ। ਇਸ ਸਥਿਤੀ ਵਿਚ ਸਮੱਸਿਆ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦੇ ਉਤੇ ਹੁੰਦਿਆਂ ਮੈਂ ਸਿਰਫ਼ ਕਿਸਾਨਾਂ ਅਤੇ ਨੇਤਾਵਾਂ ਨੂੰ ਸਲਾਹ ਦੇ ਸਕਦਾ ਹਾਂ। ਮੇਰੀ ਸਿਰਫ਼ ਇਹੀ ਭੂਮਿਕਾ ਹੈ।