ਸਿੰਘੂ ਬਾਰਡਰ ’ਤੇ ਅਮਰੀਕਾ ਤੋਂ ਆਈ ਕੁੜੀ ਨੇ ਕਿਹਾ, ‘ਅਸੀ ਪੜ੍ਹੇ-ਲਿਖੇ ਹਾਂ, ਅਪਣੇ ਹੱਕਾਂ ਲਈ
ਸਿੰਘੂ ਬਾਰਡਰ ’ਤੇ ਅਮਰੀਕਾ ਤੋਂ ਆਈ ਕੁੜੀ ਨੇ ਕਿਹਾ, ‘ਅਸੀ ਪੜ੍ਹੇ-ਲਿਖੇ ਹਾਂ, ਅਪਣੇ ਹੱਕਾਂ ਲਈ ਲੜਾਂਗੇ’
ਦੇਸ਼ ਨੂੰ ਅਡਾਨੀ ਤੇ ਅੰਬਾਨੀ ਚਲਾ ਰਹੇ ਹਨ: ਸੁਰਿੰਦਰ ਕੌਰ
ਨਵੀਂ ਦਿੱਲੀ, 17 ਮਾਰਚ (ਸੈਸ਼ਵ ਨਾਗਰਾ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁਧ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਸੈਸ਼ਵ ਨਾਗਰਾ ਵਲੋਂ ਅਮਰੀਕਾ ਤੋਂ ਸਿੰਘੂ ਬਾਰਡਰ ’ਤੇ ਪਹੁੰਚੀ ਕਿਸਾਨ ਦੀ ਧੀ ਰੂਬੀ ਅਤੇ ਕਰਨਾਲ ਦੀ ਸੁਰਿੰਦਰ ਕੌਰ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ।
ਕਰਨਾਲ ਤੋਂ ਆਈ ਸੁਰਿੰਦਰ ਕੌਰ ਨੇ ਕਿਹਾ ਕਿ ਅਸੀ ਮੋਦੀ ਵਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦਾ ਖੰਡਨ ਕਰਦੇ ਹਾਂ ਅਤੇ ਜਦੋਂ ਤਕ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਇਥੋਂ ਨਹੀਂ ਜਾਵਾਂਗੇ। ਉਨ੍ਹਾਂ ਕਿਹਾ,‘‘ਮੈਂ ਖੇਤੀ ਵੀ ਖ਼ੁਦ ਕਰਦੀ ਹਾਂ, ਮੇਰੀ ਟਰੈਕਟਰ ਚਲਾਉਂਦਿਆਂ ਇਥੇ ਤਸਵੀਰ ਵੀ ਲਗਾਈ ਹੋਈ ਹੈ।’’ ਉਨ੍ਹਾਂ ਕਿਹਾ,‘‘ਮੈਂ ਦੇਸ਼ ਦੇ ਸਾਰੇ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਸਰਕਾਰ ਵਲੋਂ ਕੋਈ ਵੀ ਕਾਨੂੰਨ ਲੋਕਾਂ ਲਈ ਬਣਾਇਆਂ ਜਾਂਦਾ ਹੈ ਤਾਂ ਉਸ ਨਾਲ ਸਬੰਧਤ ਲੋਕਾਂ ਨਾਲ ਮੀਟਿੰਗ ਕਰ ਕੇ ਬਣਾਇਆ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਤਿੰਨ ਕਾਨੂੰਨ ਬਣਾਏ ਉਨ੍ਹਾਂ ਤੋਂ ਚੋਰੀ ਕਿਉਂ ਬਣਾਏ ਤੇ ਰਾਜ ਸਭਾ ਵਿਚ ਜਲਦੀ ਪਾਸ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਲੈ ਕੇ ਆਉਂਦੇ ਤੇ ਪਾਰਲੀਮੈਂਟ ਵਿਚ ਬਹਿਸਬਾਜ਼ੀ ਹੁੰਦੀ। ਉਨ੍ਹਾਂ ਕਿਹਾ ਕਿ ਕੀ ਦੇਸ਼ ਨੂੰ ਅਡਾਨੀ ਤੇ ਅੰਬਾਨੀ ਚਲਾ ਰਹੇ ਹਨ ਤੇ ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੇ 80 ਫ਼ੀ ਸਦੀ ਲੋਕ ਖੇਤੀ ਕਰਦੇ ਹਨ।
ਇਸ ਦੌਰਾਨ ਅਮਰੀਕਾ ਤੋਂ ਆਈ ਰੂਬੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਬੱਚੇ ਪੜ੍ਹੇ ਲਿਖੇ ਹਾਂ ਤੇ ਅਪਣੇ ਹੱਕਾਂ ਨੂੰ ਜਾਣਦੇ ਹਾਂ। ਸਾਡੇ ਮਾਂ ਬਾਪ ਨੇ ਮਿਹਨਤ ਕਰ ਕੇ ਸਾਨੂੰ ਪੜ੍ਹਾਇਆ ਹੈ, ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਪਣੇ ਪਰਵਾਰ ਦੀ ਮਦਦ ਕਰੀਏ। ਸਾਨੂੰ ਅਪਣੇ ਗ਼ਲਤ ਤੇ ਠੀਕ ਦਾ ਚੰਗੀ ਤਰ੍ਹਾਂ ਪਤਾ ਹੈ।