MP ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਸ਼ਬਦੀ ਹਮਲਾ: ‘ਕੀ ਕਦੇ ਬਾਣੇ ਵਾਲੇ ਸਿੰਘ ਵੀ ਭੱਜਦੇ ਨੇ? ਗਿੱਦੜਾਂ ਵਾਂਗ ਕਿਉਂ ਭੱਜ ਰਿਹਾ ਅੰਮ੍ਰਿਤਪਾਲ’

ਏਜੰਸੀ

ਖ਼ਬਰਾਂ, ਪੰਜਾਬ

ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਿਰਫ ਨੌਜਵਾਨਾਂ ਨੂੰ ਵਰਗਲਾ ਕੇ ਮਰਵਾਉਂਣ ਆਇਆ ਹੈ

photo

 

ਲੁਧਿਆਣਾ : ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਸਿੱਖੀ ਦੇ ਬਾਣੇ ਨੂੰ ਕਲੰਕਿਤ ਕੀਤਾ ਹੈ। ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਅੱਜ ਗਿੱਦੜਾਂ ਵਾਂਗ ਪੁਲਿਸ ਅੱਗੇ ਭੱਜਿਆ। ਕਦੇ ਬਾਣੇ ਵਾਲਾ ਸਿੱਖ ਨਹੀਂ ਭੱਜਦਾ। ਪੁਲਿਸ ਤੇਰੇ ਮਗਰ ਪਈ ਹੋਈ ਹੈ ਤੇ ਤੂੰ ਗਿੱਦੜਾਂ ਵਾਂਗ ਮੂਹਰੇ-ਮੂਹਰੇ ਗਲੀਆਂ ’ਚ ਭੱਜ ਰਿਹਾ ਸੀ। ਜੇ ਤੇਰੇ ’ਚ ਜਾਨ ਹੁੰਦੀ ਤਾਂ ਪੁਲਿਸ ਨੂੰ ਕਹਿੰਦਾ ਆਹ ਕਰੋ ਮੈਨੂੰ ਗ੍ਰਿਫ਼ਤਾਰ।

ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਿਰਫ ਨੌਜਵਾਨਾਂ ਨੂੰ ਵਰਗਲਾ ਕੇ ਮਰਵਾਉਂਣ ਆਇਆ ਹੈ। ਨੌਜਵਾਨਾਂ ਨੂੰ ਗੁੰਮਰਾਹ ਕਰਨ ਆਇਆ ਹੈ। ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੇ ਖੇਤਾਂ ਵਿੱਚ ਭੱਜ ਕੇ ਸਿੱਖਾਂ ਦੀ ਬਹਾਦਰੀ ਨੂੰ ਦਾਗਦਾਰ ਕੀਤਾ ਹੈ। ਬਿੱਟੂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਭਗੌੜਾ ਹੈ, ਜੋ ਪੁਲਿਸ ਦੇ ਸਾਹਮਣੇ ਭੱਜ ਰਿਹਾ ਹੈ।

ਪੁਲਿਸ ਨੇ ਗਲੀ-ਗਲੀ ਅੰਮ੍ਰਿਤਪਾਲ ਦਾ ਪਿੱਛਾ ਕੀਤਾ ਅਤੇ ਉਹ ਲੁਕਦਾ ਰਿਹਾ। ਬਿੱਟੂ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਖਾਲਿਸਤਾਨ ਲਈ ਕੁਰਬਾਨੀਆਂ ਕਰਨ ਲਈ ਪ੍ਰੇਰਦਾ ਸੀ, ਅੱਜ ਉਹ ਖੁਦ ਭੱਜ ਕੇ ਆਪਣੀ ਜਾਨ ਬਚਾ ਰਿਹਾ ਹੈ।

ਦੱਸ ਦੇਈਏ ਕਿ ਇਹ ਗ੍ਰਿਫਤਾਰੀ ਥਾਣਾ ਅਜਨਾਲਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਕੀਤੀ ਗਈ ਹੈ। ਜਿਵੇਂ ਹੀ ਪੰਜਾਬ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਅੰਮ੍ਰਿਤਪਾਲ ਖੁਦ ਕਾਰ ਵਿੱਚ ਬੈਠ ਕੇ ਲਿੰਕ ਰੋਡ ਰਾਹੀਂ ਭੱਜ ਗਿਆ। ਕਰੀਬ 100 ਪੁਲਿਸ ਗੱਡੀਆਂ ਨੇ ਉਸ ਦਾ ਪਿੱਛਾ ਕੀਤਾ। ਅੰਮ੍ਰਿਤਪਾਲ ਨੂੰ ਜਲੰਧਰ ਦੇ ਨਕੋਦਰ ਇਲਾਕੇ ਦੇ ਨੂਰਮਹਿਲ ਨੇੜਿਓਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।