ਤਰਨਤਾਰਨ: ਤੇਜ਼ਧਾਰ ਹਥਿਆਰਾਂ ਨਾਲ ਪਤੀ ਦਾ ਕਤਲ, ਪਤਨੀ ਜ਼ਖ਼ਮੀ
ਬਾਈਕ ਸਵਾਰ ਜੋੜੇ ਕੋਲੋਂ 50 ਹਜ਼ਾਰ ਰੁਪਏ ਲੁੱਟੇ
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਪਿੰਡ ਦਦੇਹਰ ਸਾਹਿਬ ਵਾਸੀ ਪਤੀ ਪਤਨੀ ਨੂੰ ਬਾਈਕ ਸਵਾਰ ਦੇ ਲੁਟੇਰਿਆ ਨੇ ਸਿਖਰ ਦੁਪਹਿਰੇ ਲੁੱਟ ਦਾ ਸ਼ਿਕਾਰ ਬਣਾਉਂਦਿਆਂ ਜਿਥੇ 50 ਹਜ਼ਾਰ ਦੀ ਨਕਦੀ ਲੁੱਟ ਲਈ। ਉੱਥੇ ਹੀ ਵਿਰੋਧ ਕਰਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸਦੇ ਚੱਲਦਿਆਂ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਨੂੰ ਗੰਭੀਰ ਹਾਲਤ ਵਿਚ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਸਥਾਨਕ ਪੁਲਿਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਤਾਂ ਕਰ ਦਿੱਤੀ ਪਰ ਮਾਮਲਾ ਕਤਲ ਦਾ ਹੈ ਜਾਂ ਹਾਦਸੇ ਦਾ, ਇਸ ਸਬੰਧੀ ਮਹਿਲਾ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਸਪੱਸ਼ਟ ਹੋਣ ਦੀ ਗੱਲ ਵੀ ਕਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਦੇਹਰ ਸਾਹਿਬ ਵਾਸੀ ਹਰਜਿੰਦਰ ਸਿੰਘ (55) ਪੁੱਤਰ ਸੰਤੋਖ ਸਿੰਘ ਆਪਣੀ ਪਤਨੀ ਰਣਜੀਤ ਕੌਰ ਨਾਲ ਮੈਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਠੱਠੀਆਂ ਮਹੰਤਾ ਜਾ ਰਿਹਾ ਸੀ। ਉਨ੍ਹਾਂ ਕੋਲ ਉਸ ਵੇਲੇ 50 ਹਜ਼ਾਰ ਦੀ ਨਕਦੀ ਵੀ ਸੀ, ਜੋ ਉਸ ਨੇ ਸਹੁਰੇ ਪਿੰਡ ਦੇਣੀ ਸੀ। ਦੁਪਹਿਰ ਕਰੀਬ ਸਵਾ ਇਕ ਵਜੇ ਉਹ ਘਰ ਤੋਂ ਥੋੜ੍ਹੀ ਦੂਰ ਪਿੰਡ ਦੀ ਜੂਹ ਤੋਂ ਸੜਕ 'ਤੇ ਹੀ ਪੁੱਜਾ ਸੀ ਕਿ ਪਿੱਛੋਂ ਬਾਈਕ ਸਵਾਰ ਨਕਾਬਪੋਰਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਲੱਤ ਮਾਰ ਕੇ ਸੁੱਟ ਦਿੱਤਾ ਤੇ ਪੰਜਾਹ ਹਜ਼ਾਰ ਦੀ ਨਕਦੀ ਖੋਹ ਲਈ। ਜਦੋਂਕਿ ਵਿਰੋਧ ਕਰਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਹਰਜਿੰਦਰ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਰਣਜੀਤ ਕੌਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਕੁਝ ਰਾਹਗੀਰਾਂ ਨੇ ਸਹਿਕ ਰਹੀ ਔਰਤ ਤੇ ਉਸ ਦੇ ਕੋਲ ਖੂਨ ਨਾਲ ਲਥਪਥ ਪਏ ਉਸ ਦੇ ਪਤੀ ਹਰਜਿੰਦਰ ਸਿੰਘ ਨੂੰ ਵੇਖਿਆ ਤਾਂ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਦੋਵਾਂ ਨੂੰ ਤੁਰੰਤ ਸਰਹਾਲੀ ਦੇ ਸਰਕਾਰੀ ਹਸਪਤਾਲ ਲਿਆਦਾ ਗਿਆ, ਜਿੱਥੇ ਡਾਕਟਰਾਂ ਹਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਰਣਜੀਤ ਕੌਰ ਨੂੰ ਤਰਨਤਰਨ ਰੈਫਰ ਕਰ ਦਿੱਤਾ। ਪਿੰਡ ਵਾਸੀਆਂ ਨੂੰ ਜਿਵੇਂ ਹੀ ਹਰਜਿੰਦਰ ਸਿੰਘ ਜੋ ਟੈਂਟ ਦਾ ਕੰਮ ਕਰਦਾ ਸੀ ਦਾ ਪੈਸਿਆਂ ਦੀ ਲੁੱਟ ਖਾਤਰ ਕਤਲ ਕਰਨ ਦਾ ਪਤਾ ਲੱਗਾ ਤਾਂ ਉਹ ਵੱਡੀ ਤਦਾਦ 'ਚ ਸਰਹਾਲੀ ਦੇ ਹਸਪਤਾਲ 'ਚ ਇਕੱਠੇ ਹੋ ਗਏ।
ਪਿੰਡ ਵਾਸੀਆਂ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੇਸ਼ ਲਾਇਆ ਕਿ ਵਾਰਦਾਤ ਨੂੰ ਛੇ ਘੰਟੇ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਥਾਣਾ ਸਰਹਾਲੀ ਦੀ ਪੁਲਿਸ ਨੇ ਜਖਮੀ ਰਣਜੀਤ ਕੌਰ ਜਾ ਕਿਸੇ ਹੋਰ ਦੇ ਬਿਆਨ ਤੱਕ ਨਹੀਂ ਲਏ। ਨਾ ਹੀ ਕਾਤਲ ਲੁਟੇਰਿਆਂ ਦੀ ਤਾਲ ਹੀ ਸ਼ੁਰੂ ਕੀਤੀ ਹੈ। ਪਿੰਡ ਦੇ ਮੋਹਤਬਰਾਂ ਨੇ ਥਾਣੇ ਜਾ ਕੇ ਵੀ ਇਸ ਬਾਰੇ ਪੁੱਛਿਆ ਪਰ ਉਨ੍ਹਾਂ ਨੂੰ ਕੋਈ ਸਪਸ਼ਟ ਜਵਾਬ ਨਾ ਦਿੱਤਾ ਗਿਆ। ਗੁੱਸੇਦੇ ਆਏ ਲੋਕਾਂ ਨੇ ਪੁਲਿਸ ਉੱਪਰ ਢਿੱਲ ਮੱਠ ਤੇ ਲਾਪਰਵਾਹੀ ਵਰਤਣ ਦਾ ਦੇਸ਼ ਲਗਾਉਂਦਿਆ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਲੁਟੇਰਿਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਹ ਹਸਪਤਾਲ 'ਚ ਲਾਸ਼ ਚੁੱਕ ਕੇ ਥਾਣੇ ਦੇ ਬੂਹੇ ਅੱਗੇ ਰੱਖ ਕੇ ਧਰਨਾ ਦੇਣਗੇ। ਜਦੋਂ ਇਸ ਦੀ ਭਿਣਕ ਪੁਲਿਸ ਨੂੰ ਲੱਗੀ ਤਾਂ ਥਾਣਾ ਮੁਖੀ ਬਰਿੰਦਰਜੀਤ ਸਿੰਘ ਸਰਾਂ ਦੇ ਸ਼ਾਮ ਜਿਥੇ ਮੌਕਾ ਵੇਖਣ ਪੁੱਜ ਗਏ। ਉਥੇ ਹੀ ਜਦੋਂਕਿ ਸਰਹਾਲੀ ਦੇ ਹਸਪਤਾਲ ਜਿੱਥੇ ਲਾਸ਼ ਪਈ ਸੀ ਵੀ ਕਈ ਘੰਟਿਆਂ ਬਾਦ ਪੁੱਜੇ। ਜਿਸਦੇ ਚੱਲਦਿਆਂ ਲੋਕਾਂ ਦਾ ਗੁੱਸਾ ਫੁੱਟ ਪਿਆ ਤੇ ਉਨ੍ਹਾਂ ਨੇ ਪੁਲਿਸ 'ਤੇ ਭੜਾਸ ਵੀ ਕੱਢੀ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਥਾਣਾ ਮੁਖੀ ਰਣਜੀਤ ਸਿੰਘ ਦੇ ਬਿਆਨ ਲੈਣ ਗੁਰੂ ਨਾਨਕ ਹਸਪਤਾਲ ਤਰਨਤਰਨ ਵੀ ਗਏ।
ਇਸ ਸਬੰਧੀ ਜਦੋਂ ਐਸਐਸਪੀ ਸੁਰਿੰਦਰ ਲਾਂਬਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਦਾ ਕਤਲ ਹੋਇਆ ਹੈ ਜਾਂ ਹਾਦਸਾ, ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਜਦੋਂਕਿ ਉਨ੍ਹਾਂ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਰਣਜੀਤ ਕੌਰ ਵੀ ਹਸਪਤਾਲ ਵਿਚ ਇਲਾਜ ਅਧੀਨ ਹੈ, ਜਦੋਂ ਉਹ ਬਿਆਨ ਦੇਣਯੋਗ ਹੋ ਜਾਣਰੀ ਤਾਂ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਬਾਈਕ ਸਵਾਰ ਦੇ ਸ਼ੱਕੀ ਲੋਕਾਂ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਕਰ ਲਈ ਹੈ। ਜਿਸ ਵਿੱਚੋਂ ਲਈਆਂ ਗਈਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ ਤਾਂ ਜੇ ਲੁਟੇਰਿਆਂ ਦਾ ਪਤਾ ਲੱਗ ਸਕੇ। ਮ੍ਰਿਤਕ ਹਰਜਿੰਦਰ ਸਿੰਘ ਤਿੰਨ ਲੜਕੀਆਂ ਤੇ ਇਕ ਲੜਕੇ ਦਾ ਪਿਤਾ ਸੀ ਤੇ ਪਰਿਵਾਰ ਦੀ ਸਾਰੀ ਜਿੰਮੇਵਾਰੀ ਉਸੇ ਉੱਪਰ ਹੀ ਸੀ।