ਸਾਗਰ ਨੂੰ ਲੱਗੀ ਗੋਲੀ ਭਰਾ ਦੇ ਰਿਵਾਲਵਰ ਤੋਂ ਹੀ ਚੱਲੀ ਸੀ : ਪੁਲਿਸ
ਪਰਿਵਾਰ ਨੇ ਅਣਪਛਾਤੇ ਵਿਅਕਤੀ ’ਤੇ ਗੋਲੀ ਚਲਾਉਣ ਦਾ ਲਾਇਆ ਸੀ ਇਲਜ਼ਾਮ
ਛੇਹਰਟਾ : ਬੀਤੀ ਦੇਰ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕਾ ਛੇਹਰਟਾ ’ਚ ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਗਈ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਕਿਹਾ ਸੀ ਕਿ ਉਕਤ ਨੌਜਵਾਨ ’ਤੇ ਪਹਿਲਾਂ ਵੀ 307 ਦਾ ਮਾਮਲਾ ਦਰਜ ਹੈ ਅਤੇ ਉਹ ਇੱਕ ਮਹੀਨਾ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ । ਲੜਕੇ ਦੀ ਭੈਣ ਨੇ ਬਿਆਨ ਦਿੱਤਾ ਸੀ ਕਿ ਕੋਈ ਵਿਅਕਤੀ ਐਕਟਿਵਾ ’ਤੇ ਸਵਾਰ ਹੋ ਕੇ ਆਇਆ ਅਤੇ ਕੁੱਤੇ ਨੂੰ ਰੋਟੀ ਪਾ ਰਹੇ ਸਾਗਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਪਰ ਹੁਣ ਇਸ ਮਾਮਲੇ ’ਚ ਪੁਲਿਸ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨੂੰ ਕਿਸੇ ਵੱਲੋਂ ਗੋਲੀ ਨਹੀਂ ਮਾਰੀ ਗਈ। ਜਦਕਿ ਉਸ ਦੇ ਪਰਿਵਾਰ ਵੱਲੋਂ ਇਹ ਬਿਆਨ ਘਬਰਾਹਟ ਵਿੱਚ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਸ ਦਾ ਭਰਾ ਆਪਣਾ ਲਾਇਸੈਂਸੀ ਰਿਵਾਲਵਰ ਚੈੱਕ ਕਰ ਰਿਹਾ ਸੀ ਅਤੇ ਗੋਲੀ ਚੱਲ ਗਈ, ਜੋ ਸਾਗਰ ਨੂੰ ਲੱਗੀ।