ਪਰਮੀਸ਼ ਵਰਮਾ ਗੋਲੀ ਕਾਂਡ ਮਾਮਲੇ 'ਚ ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਮੋਹਾਲੀ ਵਿਚ ਗਾਇਕ ਪਰਮੀਸ਼ ਵਰਮਾ ਉਤੇ ਹੋਏ ਹਮਲੇ ਦੇ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਬੱਦੀ ਤੋਂ ਤਿੰਨ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।

Attack on Parmish Verma

ਐਸਏਐਸ ਨਗਰ, 18 ਅਪ੍ਰੈਲ, ਬੀਤੇ ਦਿਨੀਂ ਮੋਹਾਲੀ ਵਿਚ ਗਾਇਕ ਪਰਮੀਸ਼ ਵਰਮਾ ਉਤੇ ਹੋਏ ਹਮਲੇ ਦੇ ਮਾਮਲੇ ਵਿਚ ਮੋਹਾਲੀ ਪੁਲਿਸ ਨੇ ਬੱਦੀ ਤੋਂ ਤਿੰਨ ਹੋਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਨੌਜਵਾਨਾਂ 'ਤੇ ਉਦਯੋਗਪਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਾਂ ਦੇ ਦੋਸ਼ ਹਨ। ਹਿਰਾਸਤ ਵਿਚ ਲਏ ਗਏ ਇਨ੍ਹਾਂ ਨੌਜਵਾਨਾਂ ਵਿਚੋਂ ਇਕ ਵਿਪਿਨ ਠਾਕੁਰ ਨਾਮ ਦਾ ਨੌਜਵਾਨ ਪੂਰੇ ਮਾਮਲੇ ਦਾ ਮਾਸਟਰਮਾਈਂਡ ਦਸਿਆ ਜਾ ਰਿਹਾ ਹੈ।

ਸੂਤਰਾਂ ਮੁਤਾਬਕ ਤਿੰਨਾਂ ਨੂੰ ਮੋਹਾਲੀ ਪੁਲਿਸ ਹਿਰਾਸਤ ਵਿਚ ਲੈ ਕੇ ਪੁਛਗਿਛ ਕਰ ਰਹੀ ਹੈ। ਪੁਲਿਸ ਨੂੰ ਪੁਛਗਿਛ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ। ਜਿਸ ਨਾਲ ਕਈ ਹੋਰ ਹੋਰ ਰਾਜ਼ ਵੀ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਹਰਵਿੰਦਰ ਸਿੰਘ ਉਰਫ ਹੈਪੀ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਪੁਛਗਿਛ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 13 ਅਪ੍ਰੈਲ ਨੂੰ ਗਾਇਕ ਪਰਮੀਸ਼ ਵਰਮਾ ਉਤੇ ਹਮਲਾ ਹੋਇਆ ਸੀ। ਇਸ ਮਾਮਲੇ ਵਿਚ ਫੇਸਬੁੱਕ ਉਤੇ ਪੋਸਟ ਪਾ ਕੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਜਿੰਮੇਵਾਰੀ ਲਈ ਸੀ। ਦਿਲਪ੍ਰੀਤ ਸਿੰਘ ਨੇ ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ 38 ਗੁਰਦਵਾਰੇ ਬਾਹਰ ਸਤਨਾਮ ਨਾਂਅ ਦੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਦਿਲਪ੍ਰੀਤ ਸਿੰਘ ਕਈ ਹੋਰ ਕੇਸਾਂ ਵਿਚ ਵੀ ਲੋੜੀਂਦਾ ਹੈ।