ਬਿਜਲੀ ਸਪਲਾਈ 'ਚ ਸੁਧਾਰ ਕਰਨ ਦਾ ਉਪਰਾਲਾ ਚੰਡੀਗੜ੍ਹ 'ਚ ਛੇਤੀ ਲੱਗਣਗੇ 30 ਹਜ਼ਾਰ ਨਵੇਂ ਸਮਾਰਟ ਮੀਟਰ
ਇੰਜੀਨੀਅਰਿੰਗ ਵਿਭਾਗ ਵਲੋਂ ਸਕਾਡਾ ਕੰਪਨੀ ਨੂੰ ਠੇਕਾ ਅਲਾਟ
ਯੂ.ਟੀ. ਪ੍ਰਸ਼ਾਸਨ ਸ਼ਹਿਰ ਨੂੰ ਸਮਾਰਟ ਬਣਾਉਣ ਲਈ 50 ਹਜ਼ਾਰ ਸਟਰੀਟ ਲਾਈਟਾਂ ਨੂੰ ਐਲ.ਈ.ਡੀ. ਬਦਲਣ ਤੋਂ ਬਾਅਦ ਹੁਣ ਬਿਜਲੀ ਸਪਲਾਈ 'ਚ ਸੁਧਾਰ ਕਰਨ ਲਈ ਅਗਲੇ ਮਹੀਨੇ ਤੋਂ 30 ਹਜ਼ਾਰ ਨਵੇਂ ਸਮਾਰਟ ਬਿਜਲੀ ਦੇ ਮੀਟਰ ਲਾਉਣ ਜਾ ਰਿਹਾ ਹੈ। ਚੰਡੀਗੜ੍ਹ ਇੰਜੀਨੀਅਰਿੰਗ ਵਿਭਾਗ ਵਲੋਂ ਕਾਫ਼ੀ ਲੰਮੀ ਪ੍ਰਕਿਰਿਆ ਮਗਰੋਂ ਇਹ ਟੈਂਡਰ ਕੰਪਨੀ ਨੂੰ ਅਲਾਟ ਕੀਤਾ ਹੈ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਬਿਜਲੀ ਵਿਭਾਗ ਵਲੋਂ ਪਹਿਲੇ ਗੇੜ 'ਚ ਸੈਕਟਰ-30, 47, 29, ਉਦਯੋਗਿਕ ਖੇਤਰ ਫ਼ੇਜ਼-1 ਅਤੇ 2 ਤੋਂ ਇਲਾਵਾ ਨੇੜਲੇ ਪਿੰਡਾਂ ਹੱਲੋਮਾਜਰਾ, ਰਾਏਪੁਰ ਖ਼ੁਰਦ, ਦੜੂਆ ਅਤੇ ਮੱਖਣ ਮਾਜਰਾ ਦੇ ਇਲਾਕਿਆਂ 'ਚ 30 ਹਜ਼ਾਰ ਦੇ ਕਰੀਬ ਪੁਰਾਣੇ ਮੀਟਰ ਉਤਾਰ ਕੇ 'ਸਮਾਰਟ ਮੀਟਾਰ' ਲਾਏ ਜਾਣਗੇ। ਪ੍ਰਸ਼ਾਸਨ ਵਲੋਂ ਇਸ ਸਬੰਧੀ ਸੈਕਟਰ-18 'ਚ ਸੁਪਰਵਾਈਜਰੀ ਡਾਟਾ ਕੰਟਰੋਲ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ।
ਚੀਫ਼ ਇੰਜੀਨੀਅਰ ਮੁਕੇਸ਼ ਆਨੰਦ ਨੇ ਦਸਿਆ ਕਿ ਇਸ ਲਈ ਕੰਪਨੀ ਰੂਰਲ ਇਲੈਟ੍ਰੀਫ਼ੀਕੇਸ਼ਨ ਕਾਰਪੋਰੇਸ਼ਨ ਲਿਮ: (ਸਕਾਡਾ) ਨੂੰ ਇਹ ਕੰਮ ਅਲਾਟ ਕੀਤਾ ਗਿਆ ਹੈ। ਇਸ ਪ੍ਰਾਜੈਕਟ 'ਤੇ ਪੂਰੇ ਸ਼ਹਿਰ ਦੇ ਮੀਟਰ ਸਮਾਰਟ 'ਚ ਤਬਦੀਲ ਕਰਨ ਲਈ 375 ਕਰੋੜ ਰੁਪਏ ਦੇ ਕਰੀਬ ਖ਼ਰਚ ਹੋਣਗੇ, ਜਿਸ ਦਾ ਕੰਮ ਦੂਜੇ ਗੇੜ ਵਿਚ ਪੂਰਾ ਹੋਵੇਗਾ। ਬਿਜਲੀ ਵਿਭਾਗ ਦੇ ਇਕ ਸੀਨੀਅਰ ਐਗਜੈਕਟਿਵ ਅਧਿਕਾਰੀ ਐਸ.ਪੀ. ਸਿੰਘ ਦਾ ਕਹਿਣਾ ਸੀ ਕਿ ਇਸ ਨਾਲ ਸ਼ਹਿਰ ਵਿਚ ਬਿਜਲੀ ਚੋਰੀ 'ਤੇ ਰੋਕ ਲੱਗੇਗੀ ਅਤੇ ਵਿਭਾਗ ਨੂੰ ਵਿੱਤੀ ਤੌਰ 'ਤੇ ਲਾਭ ਪੁੱਜੇਗਾ। ਜ਼ਿਕਰਯੋਗ ਹੈ ਕਿ ਇਸ ਨਵੇਂ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਦੇ ਨੈਸ਼ਨਲ ਸਮਾਰਟ ਗਰਿੱਡ ਦੇ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਨਵੇਂ ਮੀਟਰਾਂ ਨਾਲ 2.19 ਲੱਖ ਖਪਤਕਾਰਾਂ ਨੂੰ ਲਾਭ ਮਿਲੇਗਾ।