'ਆਪ' ਵਿਧਾਇਕਾਂ ਦੀ ਬੈਠਕ 'ਚ ਕਾਂਗਰਸ ਸਰਕਾਰ ਵਿਰੁਧ ਨੀਤੀ ਤੈਅ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਨ ਅਰੋੜਾ ਤੇ ਫੂਲਕਾ ਗ਼ੈਰ-ਹਾਜ਼ਰ ਰਹੇ

AAP Members Strategy

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕੁਲ 20 ਵਿਧਾਇਕਾਂ 'ਚੋਂ 12 ਮੈਂਬਰਾਂ ਨੇ ਅਪਣੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਕਮਾਨ ਹੇਠ ਕਮੇਟੀ ਰੂਮ 'ਚ ਬੈਠਕ ਕਰ ਕੇ ਪੰਜਾਬ ਦੀ ਸਿਆਸੀ, ਸਮਾਜਕ, ਆਰਥਕ ਤੇ ਕਾਨੂੰਨ ਵਿਵਸਥਾ ਦੀ ਨਿੱਘਰ ਰਹੀ ਹਾਲਤ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਵਿਧਾਇਕਾਂ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਪੁਲਿਸ ਦੇ ਸਿਰਕੱਢ, ਚੋਟੀ ਦੇ ਅਧਿਕਾਰੀ, ਨਸ਼ਿਆਂ ਦੇ ਮੁੱਦੇ 'ਤੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ ਅਤੇ ਸਿਵਲ ਅਫ਼ਸਰਸ਼ਾਹੀ ਤੇ ਸਿਆਸੀ ਨੇਤਾਵਾਂ ਵਿਚਾਲੇ ਵੀ ਖਿੱਚੋਤਾਣ ਸਾਫ਼ ਨਜ਼ਰ ਆ ਰਹੀ ਹੈ।'ਆਪ' ਦੇ ਇਨ੍ਹਾਂ ਵਿਧਾਇਕਾਂ ਨੇ ਜੰਮੂ ਕਸ਼ਮੀਰ, ਯੂ.ਪੀ. ਤੇ ਅੰਮ੍ਰਿਤਸਰ 'ਚ ਬੱਚੀਆਂ ਨਾਲ ਕੀਤੇ ਜਾ ਰਹੇ ਬਲਾਤਕਾਰ ਦੀ ਵੀ ਨਿਖੇਧੀ ਕੀਤੀ ਅਤੇ ਦਿੱਲੀ ਦੀ ਹਾਈ ਕਮਾਂਡ ਤੋਂ ਵੱਖ ਆਜ਼ਾਦ ਫ਼ੈਸਲਾ ਲੈ ਕੇ ਅਗਲੇ ਮਹੀਨੇ ਪੰਜਾਬ ਦੇ ਜ਼ਿਲ੍ਹਾ ਮੁਕਾਮਾਂ 'ਤੇ ਧਰਨੇ ਤੇ ਰੈਲੀਆਂ ਕਰਨ ਦਾ ਵੀ ਐਲਾਨ ਕੀਤਾ। 

ਇਸ ਵੱਡੀ ਤੇ ਅਹਿਮ ਬੈਠਕ 'ਚ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨਹੀਂ ਆਏ। ਲੁਧਿਆਣਾ ਤੋਂ ਬੈਂਸ ਭਰਾਵਾਂ ਨੂੰ ਵੀ ਇਸ ਬੈਠਕ 'ਚ ਨਹੀਂ ਬੁਲਾਇਆ ਗਿਆ। ਬੈਠਕ ਤੋਂ ਬਾਅਦ ਸੁਖਪਾਲ ਖਹਿਰਾ ਨੇ ਮੀਡੀਆ ਨੂੰ ਦਸਿਆ ਕਿ ਇਸ ਸਰਹੱਦੀ ਸੂਬੇ ਦੀ ਹਾਲਤ ਪਿਛਲੇ 13 ਮਹੀਨਿਆਂ 'ਚ ਪਹਿਲਾਂ ਨਾਲੋਂ ਕਾਫ਼ੀ ਵਿਗੜ ਚੁੱਕੀ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਕੋਈ ਨੀਤੀ ਬਣਾਉਣ ਬਾਰੇ ਖਹਿਰਾ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ 'ਆਪ' ਦੇ ਲੀਡਰ ਖੁਦ ਹੀ ਬੈਠਕਾਂ 'ਚ ਵਿਚਾਰ ਕਰ ਕੇ ਉਮੀਦਵਾਰਾਂ ਤੇ ਚੋਣ ਪ੍ਰਚਾਰ ਬਾਰੇ ਫ਼ੈਸਲਾ ਕਰਨਗੇ।