ਏਡੀਸੀਪੀ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ
ਗੰਨਮੈਨ ਨੇ ਅਸਾਲਟ ਅਪਣੀ ਛਾਤੀ ਉਤੇ ਰੱਖ ਕੇ ਚਲਾਈ ਸੀ।
ਥਾਣਾ ਸਦਰ ਲਾਗੇ ਪੁਲਿਸ ਕਾਲੋਨੀ ਵਿਚ ਰਹਿ ਰਹੇ ਏ.ਡੀ.ਸੀ.ਪੀ ਦੇ ਗੰਨਮੈਨ ਨੇ ਏ. ਕੇ.-47 ਸਾਲਟ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਸੋਮਵਾਰ ਦੇਰ ਸ਼ਾਮ ਘਟਨਾ ਦਾ ਉਸ ਵਕਤ ਪਤਾ ਲੱਗਾ ਜਦ ਕਈ ਘੰਟੇ ਬੀਤ ਜਾਣ 'ਤੇ ਕਮਰੇ 'ਚੋਂ ਬਦਬੂ ਆਉਣ ਲੱਗ ਪਈ। ਗੰਨਮੈਨ ਨੇ ਅਸਾਲਟ ਅਪਣੀ ਛਾਤੀ ਉਤੇ ਰੱਖ ਕੇ ਚਲਾਈ ਸੀ। ਗੋਲੀ ਉਸ ਦੀ ਛਾਤੀ ਨੂੰ ਚੀਰਦੀ ਹੋਈ ਪਿੱਛੇ ਕੰਧ ਵਿਚ ਜਾ ਵੱਜੀ ਤੇ ਕੰਧ ਵਿਚ ਵੀ ਪਾੜ ਪੈ ਗਿਆ। ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਮ੍ਰਿਤਕ ਕਾਂਸਟੇਬਲ ਦੀ ਪਛਾਣ ਮਨਪ੍ਰੀਤ ਸਿੰਘ (32) ਦੇ ਰੂਪ ਵਿਚ ਹੋਈ ਹੈ ਜੋ ਏ. ਡੀ. ਸੀ. ਪੀ. ਪਰਮਜੀਤ ਸਿੰਘ ਪਨੂੰ ਪੀ.ਏ.ਪੀ ਜਲੰਧਰ ਨਾਲ ਤਾਇਨਾਤ ਸੀ।
13 ਅਪ੍ਰੈਲ ਨੂੰ ਉਸ ਦੀ ਪਤਨੀ ਹਰਪ੍ਰੀਤ ਕੌਰ ਦੋ ਸਾਲਾ ਬੇਟੀ ਨਾਲ ਪੇਕੇ ਘਰ ਸੰਗਰੂਰ ਗਈ ਹੋਈ ਸੀ ਅਤੇ ਉਹ ਕੁਆਰਟਰ ਵਿਚ ਇਕੱਲਾ ਸੀ। ਮਨਪ੍ਰੀਤ 11 ਅਪ੍ਰੈਲ ਤੋਂ ਡਿਊਟੀ 'ਤੇ ਨਹੀਂ ਆ ਰਿਹਾ ਸੀ।ਪਹਿਲਾਂ ਏ.ਡੀ.ਸੀ.ਪੀ ਨੇ ਉਸ ਦੇ ਦੋਸਤਾਂ ਨੂੰ ਫ਼ੋਨ ਕੀਤਾ ਪਰ ਉਸ ਨੇ ਨਹੀਂ ਚੁਕਿਆ। ਉਸ ਨੂੰ ਲੱਗਾ ਕਿ ਸ਼ਾਇਦ ਉਹ ਬੀਮਾਰ ਹੋਵੇਗਾ। ਐਤਵਾਰ ਸਵੇਰੇ 8.30 ਵਜੇ ਗੁਆਂਢੀਆਂ ਨੇ ਉਸ ਨੂੰ ਆਖ਼ਰੀ ਵਾਰ ਕੁਆਰਟਰ ਦੇ ਬਾਹਰ ਵੇਖਿਆ ਸੀ।