ਰੁਜ਼ਗਾਰ ਦੀ ਭਾਲ 'ਚ ਦੁਬਈ ਗਏ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਪਰਿਵਾਰਕ ਮੈਂਬਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਜਿਸ ਘਰ 'ਚ ਸ਼ਹਿਨਾਈਆਂ ਵੱਜਣੀਆਂ ਸਨ

Harpreet Singh Bholu

ਕੋਟਕਪੂਰਾ, ਨੇੜਲੇ ਪਿੰਡ ਖਾਰਾ ਤੋਂ ਰੁਜ਼ਗਾਰ ਦੀ ਭਾਲ 'ਚ ਮਹਿਜ ਇਕ ਸਾਲ ਪਹਿਲਾਂ ਦੁਬਈ ਵਿਖੇ ਗਏ 23 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਜਿਸ ਘਰ 'ਚ ਸ਼ਹਿਨਾਈਆਂ ਵੱਜਣੀਆਂ ਸਨ, ਹੁਣ ਉਸ ਘਰ 'ਚ ਅਚਾਨਕ ਸੱਥਰ ਵਿੱਛ ਜਾਣ ਕਾਰਨ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਭੋਲੂ ਦੇ ਪਿਤਾ ਕਬੱਡੀ ਕੋਚ ਬਾਬਾ ਗਾਂਧੀ ਦੇ ਨਾਂਅ ਨਾਲ ਜਾਣੇ ਜਾਂਦੇ ਜਗਜੀਤ ਸਿੰਘ ਨੇ ਦਸਿਆ ਕਿ ਹਰਪ੍ਰੀਤ ਦੇ ਸਾਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਅਤੇ 11 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਰਪ੍ਰੀਤ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ,

ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਸੁਰਿੰਦਰ ਕੌਰ, ਭੈਣ ਜਸਪ੍ਰੀਤ ਕੌਰ ਅਤੇ ਭਰਾ ਗੁਰਬਿੰਦਰ ਸਿੰਘ ਵਿੱਕੀ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ ਕਿਉਂਕਿ ਉਥੋਂ ਦੇ ਕਾਨੂੰਨ ਮੁਤਾਬਕ ਅਜੇ ਤਕ ਹਰਪ੍ਰੀਤ ਦੀ ਮ੍ਰਿਤਕ ਦੇਹ ਸਾਥੀਆਂ ਨੂੰ ਨਹੀਂ ਮਿਲ ਰਹੀ, ਕਿਸੇ ਕਾਰਨ ਪੋਸਟਮਾਰਟਮ 'ਚ ਅੜਿੱਕਾ ਪੈ ਰਿਹਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਹਰਪ੍ਰੀਤ ਦੀ ਮ੍ਰਿਤਕ ਦੇਹ ਜਲਦ ਪਿੰਡ ਖਾਰਾ ਵਿਖੇ ਪੁੱਜਣ ਦੀ ਸੰਭਾਵਨਾ ਹੈ ਤੇ ਉਸ ਦਾ ਅੰਤਮ ਸਸਕਾਰ ਪਿੰਡ ਖਾਰਾ ਦੇ ਸ਼ਮਸ਼ਾਨਘਾਟ ਵਿਖੇ ਹੀ ਕੀਤਾ ਜਾਵੇਗਾ।