ਰਾਹੁਲ ਦੇ ਨਿਰਦੇਸ਼ਾਂ 'ਤੇ ਹੀ ਹੋਵੇਗਾ ਵਜ਼ਾਰਤੀ ਵਾਧਾ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੰਨਾ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਨਾਲ ਵਿਧਾਇਕ ਕੋਟਲੀ, ਹਰਦੇਵ ਸਿੰਘ ਰੋਸ਼ਾ, ਰਾਜਾ ਗਿੱਲ ਆਦਿ।  

Sunil Jakhar

ਖੰਨਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਵਜ਼ਾਰਤ ਵਿਚ ਹੋਣ ਵਾਲੇ ਵਾਧੇ ਬਾਰੇ ਕਾਂਗਰਸ ਹਾਈ ਕਮਾਨ ਨਾਲ ਵਿਚਾਰ ਕੀਤੀ ਜਾਵੇਗੀ ਅਤੇ ਇਹ ਵਾਧਾ ਕਾਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਸੰਭਵ ਹੈ। ਉਹ ਅੱਜ ਇਥੇ ਏ.ਐਸ ਗਰਲਜ਼ ਕਾਲਜ ਖੰਨਾ ਵਿਖੇ ਡਿਗਰੀ ਵੰਡ ਸਮਾਗਮ ਵਿਚ ਪੁੱਜੇ ਹੋਏ ਸਨ। ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਜ਼ਾਰਤੀ ਵਾਧਾ ਛੇਤੀ ਹੀ ਹੋ ਰਿਹਾ ਹੈ। ਪੱਤਰਕਾਰਾਂ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਸਿੱਧੂ ਨੇਕ ਇਨਸਾਨ ਹਨ, ਕਾਗਰਸ ਪਾਰਟੀ ਉਨ੍ਹਾਂ ਨਾਲ ਖੜੀ ਹੈ। 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖੰਨਾ ਤੋਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਪ੍ਰਵਾਰ ਦੀ ਕੁਰਬਾਨੀ ਭੁਲਾਈ ਨਹੀਂ ਜਾ ਸਕਦੀ ਕਿÀੁਂਕਿ ਪੰਜਾਬ ਅੰਦਰ ਅਮਨ ਸ਼ਾਂਤੀ ਲਈ ਕੋਟਲੀ ਪ੍ਰਵਾਰ ਨੇ ਅਹਿਮ ਰੋਲ ਅਦਾ ਕੀਤਾ ਹੈ। ਸਿਆਸੀ ਗਲਿਆਰੇ ਕਾਂਗਰਸ ਪ੍ਰਧਾਨ ਦੀ ਇਸ ਗੱਲ ਨੂੰ ਕੋਟਲੀ ਪ੍ਰਵਾਰ ਲਈ ਸ਼ੁਭ ਸੰਕੇਤ ਮੰਨ ਰਹੇ ਹਨ ਕਿ ਵਜ਼ਾਰਤੀ ਵਾਧੇ ਮੌਕੇ ਕੋਟਲੀ ਪ੍ਰਵਾਰ ਨੂੰ ਮੌਕਾ ਮਿਲ ਸਕਦਾ ਹੈ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਨੀਰਜ ਸ਼ਰਮਾ, ਹਰਦੇਵ ਸਿੰਘ ਰੋਸ਼ਾ, ਡਾ., ਗੁਰਮੁਖ ਸਿੰਘ ਚਾਹਲ, ਰਾਜੀਵ ਮਹਿਤਾ, ਰੁਪਿੰਦਰ ਸਿੰਘ ਰਾਜਾ ਗਿੱਲ, ਲੱਖਾ ਰੌਣੀ  ਆਦਿ ਹਾਜ਼ਰ ਸਨ।