ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਏ ਤਿੰਨ ਪਰਵਾਰਕ ਮੈਂਬਰ ਦੀ ਰੀਪੋਰਟ ਆਈ ਪਾਜ਼ੇਟਿਵ
ਰਾਜਪੁਰਾ ਵਿਖੇ ਵੀ ਇਕ ਔਰਤ ਆਈ ਕੋਵਿਡ ਪੋਜੀਟਿਵ: ਡਾ. ਮਲਹੋਤਰਾ
ਪਟਿਆਲਾ, 17 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਕਿਤਾਬਾਂ ਵਾਲੇ ਬਾਜ਼ਾਰ ਦੇ ਕੋਵਿਡ ਪਾਜ਼ੇਟਿਵ ਕੇਸ ਦੇ ਪਰਵਾਰਕ ਮੈਂਬਰ ਵੀ ਹੋਏ ਕੋਵਿਡ ਤੋਂ ਪ੍ਰਭਾਵਤ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਬੀਤੀ ਰਾਤ ਸਫ਼ਾਬਾਦੀ ਗੇਟ ਦੇ ਪਾਜ਼ੇਟਿਵ ਆਏ ਵਿਅਕਤੀ ਦੇ ਨੇੜੇ ਦੇ ਸੰਪਰਕ ਵਿਚ ਆਇਆ ਬੁੱਕ ਮਾਰਕਿਟ ਵਿਚ ਰਹਿਣ ਵਾਲਾ 52 ਸਾਲਾ ਵਿਅਕਤੀ ਦੇ ਕੋਵਿਡ ਪਾਜ਼ੇਟਿਵ ਆਉਣ ਉਤੇ ਆਰ.ਆਰ.ਟੀ ਟੀਮਾਂ ਰਾਹੀਂ ਉਸ ਦੇ ਪਰਵਾਰਕ ਮੈਂਬਰਾਂ ਜਿਸ ਵਿਚ ਉਸ ਦੀ ਪਤਨੀ ਅਤੇ ਦੋਨੋਂ ਬੱਚੇ ਸ਼ਾਮਲ ਹਨ ਨੂੰ ਬੀਤੀ ਰਾਤ ਐਂਬੂਲੈਂਸ਼ ਰਾਹੀਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾ ਕੇ ਉਨ੍ਹਾਂ ਦੇ ਕੋਰੋਨਾਂ ਜਾਂਚ ਲਈ ਸੈਂਪਲ ਲਏ ਗਏ ਹਨ ਜਿੰਨ੍ਹਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ।
ਉਨ੍ਹਾਂ ਦਸਿਆਂ ਕਿ ਮਰੀਜ਼ ਦੇ ਨੇੜੇ ਦੇ ਸੰਪਰਕ ਵਿਚ ਆਏ ਦੋ ਹਾਈ ਰਿਸਕ ਕੇਸਾਂ, 8 ਘੱਟ ਰਿਸਕ ਵਾਲੇ ਅਤੇ ਆਲੇ ਦੁਆਲੇ ਦੇ 8 ਘਰਾਂ ਦੇ ਮੈਂਬਰਾਂ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਡਾ. ਮਲਹੋਤਰਾ ਨੇ ਦਸਿਆ ਕਿ ਆਰਿਆ ਸਮਾਰ, ਬੁੱਕ ਮਾਰਕਿਟ, ਪੁਰਾਣਾ ਲਾਲ ਬਾਗ਼, ਬੀ ਟੈਂਕ ਦਾ ਸਾਰਾ ਅੰਦਰੂਨੀ ਏਰੀਆ ਸੀਲ ਕਰ ਕੇ ਪੁਲਿਸ ਤੈਨਾਤ ਕਰ ਦਿਤੀ ਗਈ ਹੈ ਅਤੇ ਏਰੀਏ ਵਿਚ ਕਿਸੇ ਵੀ ਵਿਅਕਤੀ ਦੇ ਦਾਖ਼ਲ ਹੋਣ ਜਾਂ ਏਰੀਏ ਵਿਚੋਂ ਬਾਹਰ ਜਾਣ ਉਤੇ ਪੂਰਨ ਰੂਪ ਵਿਚ ਰੋਕ ਲਾ ਦਿਤੀ ਗਈ ਹੈ। ਸਿਹਤ ਟੀਮਾਂ ਵਲੋਂ ਸਬੰਧਿਤ ਏਰੀਏ ਵਿਚ ਵੀ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ।
ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਏਰੀਏ ਦੇ ਨੈਸ਼ਨਲ ਸਕੂਲ ਵਿਚ ਡਾਕਟਰ ਸਮੇਤ ਪੈਰਾ ਮੈਡੀਕਲ ਸਟਾਫ਼ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹਈਆ ਕਰਵਾਈਆਂ ਜਾ ਰਹੀਆ ਹਨ। ਇਸ ਤੋਂਂ ਇਲਾਵਾ ਪਾਜ਼ੇਟਿਵ ਕੇਸ ਦੇ ਘਰ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕਰਵਾਈ ਗਈ। ਉਨ੍ਹਾ ਕਿਹਾ ਕਿ ਅੱਜ ਦੂਜੇ ਦਿਨ ਵੀ ਸਿਹਤ ਵਿਭਾਗ ਵਲੋਂ ਲੋਕਾਂ ਦੀ ਸਕਰੀਨਿੰਗ ਲਈ ਬਣਾਈਆਂ 237 ਸਿਹਤ ਟੀਮਾਂ ਵਲੋਂ ਸ਼ਹਿਰ ਦੇ ਵੱਖ ਵੱਖ ਏਰੀਏ ਦੇ ਵਿਚ ਜਾ ਕੇ 21,925 ਘਰਾਂ ਦਾ ਸਰਵੇ ਕਰ ਕੇ 1,01,014 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ।
ਡਾ. ਮਲਹੋਤਰਾ ਨੇ ਦਸਿਆਂ ਕਿ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੀ ਰਹਿਣ ਵਾਲੀ 53 ਸਾਲਾ ਔਰਤ ਜੋ ਕਿ ਬੀਤੇ ਦਿਨੀਂ ਬੁਖ਼ਾਰ, ਖ਼ਾਂਸੀ ਦੀ ਤਕਲੀਫ ਕਾਰਨ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਹੋਈ ਸੀ ਦਾ ਵੀ ਕੋਰੋਨਾ ਜਾਂਚ ਲਈ ਲਿਆ ਸੈਂਪਲ ਲੈਬ ਰੀਪੋਰਟ ਅਨੁਸਾਰ ਪਾਜ਼ੇਟਿਵ ਪਾਇਆ ਗਿਆ ਹੈ।
ਉਨ੍ਹਾਂ ਦਸਿਆ ਕਿ ਪਾਜ਼ੇਟਿਵ ਕੇਸ ਦੇ ਸਬੰਧਤ ਪਰਵਾਰਕ ਮੈਂਬਰਾਂ ਦੇ ਵੀ ਕੋਵਿਡ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ। ਜ਼ਿਲ੍ਹੇ ਵਿਚ ਹੁਣ ਤਕ ਦੇ ਕੋਰੋਨਾ ਮਰੀਜ਼ਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤਕ ਕੋਰੋਨਾ ਜਾਂਚ ਲਈ ਲਏ 160 ਸੈਂਪਲਾਂ ਵਿਚੋਂ 11 ਕੋਰੋਨਾ ਪਾਜ਼ੇਟਿਵ 147 ਨੈਗਟਿਵ ਅਤੇ 2 ਸੈਂਪਲਾਂ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਇਹ ਵੀ ਦਸਿਆਂ ਕਿ ਇਕ ਪਾਜ਼ੇਟਿਵ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰ ਕੇ ਘਰ ਭੇਜ ਦਿਤਾ ਗਿਆ ਹੈ।