ਕੈਪਟਨ ਅਮਰਿੰਦਰ ਸਿੰਘ ਹਰਸਿਮਰਤ ਬਾਦਲ ਦੇ ਝੂਠ 'ਤੇ ਵਰ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਤੋਂ ਕੋਈ ਪੈਸਾ ਨਹੀਂ ਮਿਲਿਆ

Harsimrat kaur

ਚੰਡੀਗੜ੍ਹ, 18 ਅਪਰੈਲ (ਸਪੋਕਸਮੈਨ ਸਮਾਚਾਰ ਸੇਵਾ)  : ਕੇਂਦਰੀ ਮੰਤਰੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਿੱਤੇ ਬਿਆਨ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਵੱਲੋਂ ਸੂਬੇ ਨੂੰ ਰਾਹਤ ਦੇਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

harsimrat kaur


ਹਰਸਿਮਰਤ ਬਾਦਲ ਦੀ ਟਵੀਟ ਲੜੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਕੇਂਦਰ ਤੋਂ ਫੰਡ ਅਤੇ ਗਰਾਂਟ ਮਿਲੇ ਹਨ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਤੁਹਾਡੀ ਸੂਚਨਾ ਬਿਲਕੁਲ ਗਲਤ ਹੈ।'' ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀਆਂ ਟਿੱਪਣੀਆਂ ਨੂੰ ਉਸ ਦੀ ਆਦਤਨ ਝੂਠ ਬੋਲਣ ਅਤੇ ਆਪਣੇ ਹੀ ਸੂਬੇ ਦੇ ਮੁੱਢਲੇ ਤੱਥਾਂ ਬਾਰੇ ਜਾਣਕਾਰੀ ਨਾ ਹੋਣ ਵਾਲੀ ਕਰਾਰ ਦਿੰਦਿਆਂ ਕਿਹਾ, ''ਸੂਬੇ ਨੂੰ ਕੇਂਦਰ ਸਰਕਾਰ ਪਾਸੋਂ ਕੋਵਿਡ-19 ਖਿਲਾਫ ਨਜਿੱਠਣ ਵਾਸਤੇ ਕੋਈ ਪੈਸਾ ਨਹੀਂ ਮਿਲਿਆ।'' ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਨੂੰ ਜਾਂਚ ਲਿਆ ਕਰਨ। ਉਨ੍ਹਾਂ ਕਿਹਾ ਕਿ ਆਪਣੇ ਕੇਂਦਰੀ ਮੰਤਰੀ ਦੇ ਅਹੁਦੇ ਨੂੰ ਆਪਣੇ ਸੂਬੇ ਦੀ ਮੱਦਦ ਲਈ ਵਰਤਣ ਦੀ ਬਜਾਏ ਹਰਸਿਮਰਤ ਸ਼ਰਮਨਾਕ ਤਰੀਕੇ ਨਾਲ ਹੋਛੀ ਰਾਜਨੀਤੀ ਲਈ ਝੂਠ ਦਾ ਰੌਲਾ ਪਾ ਰਹੀ ਹੈ।

ਕਿਹਾ, ਕੇਂਦਰੀ ਮੰਤਰੀ ਝੂਠ ਬੋਲਣਾ ਬੰਦ ਕਰੇ ਅਤੇ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲਿਆ ਕਰਨ

capt. Amrinder Singh


ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ ਨੂੰ ਕਿਹਾ, ''ਤੁਹਾਨੂੰ ਅਜਿਹੇ ਵੱਡੇ ਸੰਕਟ ਵਾਲੇ ਮੁੱਦੇ ਉਤੇ ਝੂਠ ਬੋਲਣ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਇਸ ਵੇਲੇ ਜਦੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਸਾਰੀਆਂ ਪਾਰਟੀਆਂ ਆਪਣੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਇਸ ਅਣਕਿਆਸੇ ਸੰਕਟ ਨਾਲ ਲੜਨ ਵਾਸਤੇ ਹੱਥ ਮਿਲਾ ਰਹੀਆਂ ਹਨ ਉਥੇ ਹਰਸਿਮਰਤ ਆਪਣੇ ਰਾਜਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਹ ਸਭ ਕੁਝ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਸੰਕਟ ਦੇ ਸਮੇਂ ਹਰਸਿਮਰਤ 'ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਲਈ ਆੜੇ ਹੱਥੀ ਲੈਂਦਿਆ ਕਿਹਾ, ''ਤੁਸੀਂ ਉਥੇ ਬੈਠੇ ਕੀ ਕਰ ਰਹੇ ਹੋ ਜੇ ਤੁਸੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਨਹੀਂ ਲੜ ਸਕਦੇ?'' ਹਰਸਿਮਰਤ ਬਾਦਲ ਦੇ ਝੂਠ ਦੇ ਪਾਜ ਉਘੇੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਉਨ੍ਹਾਂ ਵੱਲੋਂ 2366 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ ਉਹ ਜੀ.ਐਸ.ਟੀ. ਦੇ ਹਿੱਸੇ ਵਜੋਂ ਸੂਬੇ ਦਾ ਬਕਾਇਆ ਪੈਸਾ ਸੀ। ਇਥੋਂ ਤੱਕ ਕਿ ਹਾਲੇ ਵੀ ਸੂਬੇ ਦਾ 4400 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਬਕਾਇਆ ਪਿਆ ਹੈ।

ਉਨ੍ਹਾਂ ਕਿਹਾ, ''ਤੁਸੀਂ ਕੋਵਿਡ ਦੀ ਜੰਗ ਲਈ ਲੋੜੀਂਦਾ ਰਾਹਤ ਪੈਕੇਜ ਲੈਣਾ ਤਾਂ ਕੀ ਸਗੋਂ ਸਾਨੂੰ ਸਾਡੇ ਬਕਾਏ ਵੀ ਨਹੀਂ ਦਿਵਾ ਸਕੇ।'' ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਵੱਲੋਂ ਆਪਣੇ ਟਵੀਟ ਵਿੱਚ ਜਿਹੜੀ ਬਾਕੀ ਰਾਸ਼ੀ ਦਾ ਜ਼ਿਕਰ ਕੀਤਾ ਗਿਆ, ਉਹ ਵੀ ਸੂਬੇ ਦੇ ਆਮ ਬਕਾਏ ਹਨ ਜਿਨ੍ਹਾਂ ਦਾ ਕੋਵਿਡ-19 ਦੀ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਅਕਾਲੀ ਲੀਡਰ ਵੱਲੋਂ ਇਸ ਔਖੇ ਸਮੇਂ ਵਿੱਚ ਪੰਜਾਬ ਲਈ ਕੋਈ ਹਮਾਇਤ ਜੁਟਾਉਣ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਇਸ ਕਦਰ ਝੂਠ ਬੋਲਣ 'ਤੇ ਦੁੱਖ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਹਰਸਿਮਰਤ ਵੱਲੋਂ 10,000 ਟਨ ਦੇ ਕੀਤੇ ਦਾਅਵੇ ਦੇ ਉਲਟ ਸੂਬੇ ਨੂੰ ਹੁਣ ਤੱਕ ਸਿਰਫ 42 ਟਨ ਦਾਲਾਂ ਪ੍ਰਾਪਤ ਹੋਈਆਂ ਹਨ ਜਿਸ ਨੂੰ ਸੂਬੇ ਦੀ ਲੋੜ ਮੁਤਾਬਕ ਮਜ਼ਾਕ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਸੁਝਾਅ ਦਿੱਤਾ ਸੀ ਕਿ ਕੇਂਦਰ ਸਰਕਾਰ ਨੂੰ ਸਾਰੇ ਸੂਬਿਆਂ ਵਿੱਚ ਗਰੀਬਾਂ ਲਈ ਛੇ ਮਹੀਨਿਆਂ ਦੇ ਰਾਸ਼ਨ ਦਾ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ।