ਭਾਰਤ ਤੋਂ ਪਾਕਿਸਤਾਨ ਭੇਜੇ 41 ਨਾਗਰਿਕਾਂ ਵਿਚੋਂ ਦੋ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਾਰਮਾਸਿਸਟ ਅਤੇ ਮੈਡੀਕਲ ਅਧਿਕਾਰੀ ਨੂੰ ਕੀਤਾ ਆਈਸੋਲੇਟ

Bhagha border

ਅੰਮ੍ਰਿਤਸਰ, 18 ਅਪ੍ਰੈਲ (ਅਰਵਿੰਦਰ ਵੜੈਚ): ਪਿਛਲੇ ਦਿਨੀਂ ਪਾਕਿਸਤਾਨ ਤੋਂ ਭਾਰਤ ਆਏ ਲਾਕਡਾਊਨ ਵਿਚ ਫਸੇ 41 ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਬਾਰਡਰ ਦੇ ਜ਼ਰੀਏ ਪਾਕਿਸਤਾਨ ਭੇਜਿਆ ਗਿਆ ਸੀ। ਇਨ੍ਹਾਂ 41 ਪਾਕਿਸਤਾਨੀ ਨਾਗਰਿਕਾਂ ਵਿਚੋਂ ਦੋ ਨਾਗਰਿਕ ਪਾਜ਼ੇਟਿਵ ਆਏ ਹਨ। ਜਾਣਕਾਰੀ ਮੁਤਾਬਕ ਮਾਂ ਅਤੇ ਧੀ ਦੀ ਰੀਪੋਰਟ ਪਾਜ਼ੇਟਿਵ ਦੱਸੀ ਗਈ ਹੈ। ਇਨ੍ਹਾਂ ਲੋਕਾਂ ਦਾ ਟੈਸਟ ਕਰਨ ਵਾਲੇ ਰੂਰਲ ਹੈਲਥ ਫ਼ਾਰਮਾਸਿਸਟ ਅਤੇ ਰੂਰਲ ਮੈਡੀਕਲ ਅਧਿਕਾਰੀਆਂ ਨੂੰ ਆਈਸੋਲੇਟ ਕਰ ਦਿਤਾ ਗਿਆ ਹੈ।


ਇਸ ਖ਼ਬਰ ਤੋਂ ਬਾਅਦ ਰੂਰਲ ਫ਼ਾਰਮਾਸਿਸਟ ਵਲੋਂ ਸਮਾਨ ਮੁਹਈਆ ਨਾ ਹੋਣ ਦੇ ਚਲਦਿਆਂ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਸ਼ਨੀਵਾਰ ਤੋਂ ਅਪਣੀ ਡਿਊਟੀ ਦਾ ਬਾਈਕਾਟ ਕਰ ਦਿਤਾ ਗਿਆ ਹੈ। ਰੂਰਲ ਹੈਲਥ ਫ਼ਾਰਮਾਸਿਸਟ ਅਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਚੌਹਾਨ, ਸੀਨੀਅਰ ਮੀਤ ਪ੍ਰਧਾਨ ਨਵਜੋਤ ਕੌਰ ਨੇ ਕਿਹਾ ਕਿ ਫ਼ਾਰਮਾਸਿਸਟਾਂ ਨੂੰ ਸਰਕਾਰ ਅਤੇ ਵਿਭਾਗ ਵਲੋਂ ਪੀ.ਪੀ.ਈ ਕਿਟਸ, ਮਾਸਕ, ਸੈਨੇਟਾਈਜ਼ਰ ਆਦਿ ਸਮਾਨ ਨਹੀਂ ਦਿਤਾ ਜਾ ਰਿਹਾ ਹੈ। 16 ਅਪ੍ਰੈਲ ਨੂੰ ਸਿਵਲ ਸਰਜਨ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸਿਵਲ ਸਰਜਨ ਨਾਲ ਸੰਪਰਕ ਕਰਦਿਆਂ ਜ਼ਰੂਰੀ ਸਮਾਨ ਮੁਹਈਆ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ ਭਰੋਸਾ ਦਿਤਾ ਸੀ ਕਿ ਉਨ੍ਹਾਂ ਨੂੰ ਸਮਾਨ ਮੁਹਈਆ ਕਰਵਾ ਦਿਤਾ ਜਾਵੇਗਾ ਪਰ ਇਹ ਭਰੋਸਾ ਝੂਠਾ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਟਾਫ਼ ਨੂੰ ਸਮੇਂ ਸਿਰ ਸਮਾਨ ਮੁਹਈਆ ਕਰਵਾ ਦਿਤਾ ਜਾਂਦਾ ਤਾਂ ਉਨ੍ਹਾਂ ਦੇ ਦੋ ਸਾਥੀਆਂ ਨੂੰ ਆਈਸੋਲੇਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਸੀ।


ਉਨ੍ਹਾਂ ਕਿਹਾ ਕਿ ਰੂਰਲ ਹੈਲਥ ਫ਼ਾਰਮਾਸਿਸਟ ਅਧਿਕਾਰੀ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧੀਨ ਪੂਰੇ ਪੰਜਾਬ ਵਿਚ 1186 ਸਰਕਾਰੀ ਸਿਹਤ ਡਿਸਪੈਂਸਰੀਆਂ ਵਿਚ ਪਿਛਲੇ ਕਰੀਬ 14 ਸਾਲਾਂ ਤੋਂ ਕਰਮਚਾਰੀ ਕੰਟਰੈਕਟ 'ਤੇ ਡਿਊਟੀ ਕਰਦੇ ਆ ਰਹੇ ਹਨ।
ਕਰਮਚਾਰੀਆਂ ਨੂੰ ਹਾਈ ਰਿਸਕ ਏਰੀਆ ਜਿਵੇਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਹਵਾਈ ਅੱਡੇ, ਰਾਸ਼ਟਰੀ ਸਰਹੱਦਾਂ, ਧਾਰਮਕ ਸੰਸਥਾਵਾਂ ਦੇ ਨਾਲ-ਨਾਲ ਘਰਾਂ ਦੇ ਇਕਾਂਤਵਾਸ ਸਬੰਧੀ ਕੰਮ ਕਰਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।


ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕਰਮਚਾਰੀਆਂ ਨੂੰ ਲੈ ਕੇ ਲਾਪਰਵਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 3 ਦਿਨਾਂ 'ਚ ਸਮਾਨ ਮੁਹਈਆ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਵਿਚ ਫ਼ਾਰਮਾਸਿਸਟ ਡਿਊਟੀਆਂ ਦਾ ਬਾਈਕਾਟ ਕਰਨਗੇ।