ਫ਼ਰੀਦਕੋਟ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਤੰਦਰੁਸਤ ਹੋ ਕੇ ਘਰ ਪਰਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਫ਼ਰੀਦਕੋਟ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ।

Photo

ਚੰਡੀਗੜ੍ਹ: ਜ਼ਿਲ੍ਹਾ ਫ਼ਰੀਦਕੋਟ ਦਾ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ। ਹਰਿੰਦਰਾ ਨਗਰ ਨਿਵਾਸੀ ਆਨੰਦ ਗੋਇਲ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿਸ਼ੇਸ਼ ਕੋਰੋਨਾ ਵਾਰਡ ਵਿਚ ਇਲਾਜ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ  ਹੈ।

ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਆਨੰਦ ਗੋਇਲ ਦੇ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਚੱਲਿਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੀ ਸਿਹਤ ਵਿਭਾਗ ਦੀ ਆਰਆਰਟੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਕਾਲਜ ਦੇ ਡਾਕਟਰਾਂ  ਵੱਲੋਂ ਉਸ ਨੂੰ ਲਗਾਤਾਰ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਉਸ ਦਾ ਇਲਾਜ ਕੀਤਾ ਗਿਆ।

ਇਸ ਦੌਰਾਨਆਨੰਦ ਗੋਇਲ ਦੀ ਹਾਲਤ ਵਿਚ ਦਿਨੋ ਦਿਨ ਸੁਧਾਰ ਹੁੰਦਾ ਗਿਆ । ਇਲਾਜ ਉਪਰੰਤ ਸਿਹਤ ਵਿਭਾਗ ਵੱਲੋਂ ਉਸ ਦੇ ਦੋ ਟੈਸਟ ਕਰਵਾਏ ਗਏ ਅਤੇ ਦੋਵੇਂ ਹੀ ਟੈਸਟ ਨੈਗੀਟਿਵ ਪਾਏ ਗਏ ਜਿਸ ਉਪਰੰਤ ਉਸ ਦੀ ਸਿਹਤ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਵੱਲੋਂ ਚੈਕਿੰਗ ਉਪਰੰਤ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ।

ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵੀਸੀ ਡਾ. ਰਾਜ ਬਹਾਦੁਰ ਅਤੇ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਅਤੇ ਮੈਡੀਕਲ ਸਟਾਫ ਦੀ ਹਾਜ਼ਰੀ ਵਿਚ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਨੰਦ ਗੋਇਲ ਨੇ ਸਮੂਹ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ।