ਪਾਇਲ/ਖੰਨਾ, 17 ਅਪ੍ਰੈਲ (ਅਦਰਸ਼ਜੀਤ ਖੰਨਾ): ਕਸਬਾ ਪਾਇਲ ਵਿਖੇ ਰਹਿੰਦੇ ਮਾਲ ਵਿਭਾਗ ਵਿਚ ਕੰਮ ਕਰਦੇ ਕਾਨੂੰਨਗੋ ਗੁਰਮੇਲ ਸਿੰਘ (58) ਦੀ ਕੋਰੋਨਾ ਵਾਇਰਸ ਨਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਮੌਤ ਹੋ ਗਈ ਹੈ। ਸਿਹਤ ਵਿਭਾਗ ਨੇ ਉਹ ਦੇ ਪਰਵਾਰ ਦੇ 4 ਮੈਂਬਰਾਂ ਨੂੰ ਜਿਨ੍ਹਾਂ ਵਿਚ ਉਸ ਦੀ ਸੱਸ, ਸਾਲੀ, ਪਿਤਾ ਅਤੇ ਲੜਕੀ ਨੂੰ ਸਿਵਲ ਹਸਪਤਾਲ ਲੁਧਿਆਣਾ, ਪੁੱਤਰ ਅਤੇ ਪਤਨੀ ਨੂੰ ਡੀਐਮਸੀ ਲੁਧਿਆਣਾ ਅਤੇ ਪਾਇਲ ਦੇ 14 ਪਰਵਾਰਾਂ ਨੂੰ ਪਾਇਲ ਵਿਖੇ ਉਨ੍ਹਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਗੁਰਮੇਲ ਸਿੰਘ ਪਿਛਲੇ ਕਈ ਦਿਨਾਂ ਤੋਂ ਬਿਮਾਰ ਦਸਿਆ ਜਾ ਰਿਹਾ ਸੀ। ਉਹ ਮਾਲ ਵਿਭਾਗ ਵਿਚ ਬਤੌਰ ਕਾਨੂੰਨਗੋ ਕੂਮ ਕਲ੍ਹਾਂ ਲੁਧਿਆਣਾ ਵਿਖੇ ਤੈਨਾਤ ਸੀ। ਮ੍ਰਿਤਕ ਗੁਰਮੇਲ ਸਿੰਘ ਨੂੰ ਪਹਿਲਾ ਮਿਤੀ 10 ਅਪ੍ਰੈਲ ਨੂੰ ਮਾਮੂਲੀ ਬੁਖ਼ਾਰ ਹੋਣ ਤੋਂ ਬਾਅਦ ਜਦੋਂ ਹਾਲਤ ਗੰਭੀਰ ਹੋਈ ਤਾਂ ਉਸ ਨੂੰ ਪਰਵਾਰ ਮੈਂਬਰਾਂ ਵਲੋਂ ਸ਼ੱਕ ਪੈਣ ਉਤੇ ਮੁੱਢਲੇ ਟੈੱਸਟਾਂ ਲਈ ਡੀਐਮਸੀ ਹਸਪਤਾਲ ਲੁਧਿਆਣਾ ਲੈ ਗਏ। ਜਿੱਥੇ ਸਿਹਤ ਵਿਭਾਗ ਨੇ ਉਸ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕਰ ਦਿਤੀ।
ਮਿਤੀ 14 ਅਪਰੈਲ ਨੂੰ ਡੀਐਮਸੀ ਲਧਿਆਣਾ ਵਿਖੇ ਦਾਖ਼ਲ ਕਰਵਾ ਦਿਤਾ ਗਿਆ। ਜਿੱਥੇ ਅੱਜ ਉਸ ਦੀ ਬਾਅਦ ਦੁਪਹਿਰ 2.40 ਦੇ ਕਰੀਬ ਮੌਤ ਹੋ ਗਈ। ਬੀਤੇ ਕਲ ਜਦੋਂ ਮ੍ਰਿਤਕ ਗੁਰਮੇਲ ਸਿੰਘ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਤਾਂ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਰਾਤ 12: 30 ਵਜੇ ਮ੍ਰਿਤਕ ਦੇ ਪ੍ਰਵਾਰ ਮੈਂਬਰਾਂ ਅਤੇ ਇਨ੍ਹਾਂ ਨਾਲ ਸਬੰਧ ਰੱਖਣ ਵਾਲੇ ਪਾਇਲ ਦੇ 14 ਹੋਰ ਪ੍ਰਵਾਰਾ ਨੂੰ ਇਕਾਂਤਵਾਸ ਕਰ ਦਿਤਾ ਗਿਆ।
ਉਧਰ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਉਨ੍ਹਾਂ ਦੇ ਘਰ ਵਿਚ ਹੀ ਇਕਾਂਤਵਾਸ ਕਰ ਦਿਤਾ ਗਿਆ ਹੈ ਅਤੇ ਘਰ ਤੋਂ ਬਾਹਰ ਨਿਕਲਣ ਉਤੇ ਪਾਬੰਦੀ ਲਗਾ ਦਿਤੀ ਗਈ ਹੈ। ਐਸਡੀਐਮ ਪਾਇਲ ਸਾਗਰ ਸੇਤਿਆ ਦੇ ਹੁਕਮਾਂ ਉਤੇ ਪੂਰੇ ਪਾਇਲ ਸ਼ਹਿਰ ਨੂੰ ਸੀਲ ਕਰ ਦਿਤਾ ਗਿਆ ਹੈ। ਪਾਇਲ ਸ਼ਹਿਰ ਵਿਚ ਕਿਸੇ ਨੂੰ ਵੀ ਕੋਈ ਵੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਗਈ। ਮ੍ਰਿਤਕ ਗੁਰਮੇਲ ਸਿੰਘ ਲੁਧਿਆਣਾ ਵਿਖੇ ਦਾਖ਼ਲ ਹੋਣ ਤੋਂ ਪਹਿਲਾ ਨਿੱਜੀ ਹਸਪਤਾਲ ਤੋਂ ਰੁਟੀਨ ਦੇ ਟੈੱਸਟ ਅਤੇ ਦਵਾਈ ਲੈਂਦਾ ਸੀ। ਸਿਹਤ ਵਿਭਾਗ ਵਲੋਂ ਉਸ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਨਾਲ ਵੀ ਰਾਬਤਾ ਬਣਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਗੁਰਮੇਲ ਸਿੰਘ ਮਿਤੀ 22 ਮਾਰਚ ਤੋਂ ਬਾਅਦ ਕਦੇ ਵੀ ਬਾਹਰ ਨਹੀਂ ਗਿਆ, ਜੋ ਕਿ ਸਾਂਝੇ ਪਰਵਾਰ ਵਿਚ ਰਹਿ ਰਿਹਾ ਸੀ ਅਤੇ ਨਾ ਹੀ ਇਸ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਹੈ।
ਪਾਇਲ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸੇਖੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਮਾਂ ਘਬਰਾਉਣ ਦਾ ਨਹੀਂ ਬਲਕਿ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਬਿਮਾਰੀ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਅਪਣੇ ਆਸਪਾਸ ਡਰ ਅਤੇ ਸਹਿਮ ਦਾ ਮਾਹੌਲ ਨਾ ਬਣਾਉਣ ਕਿਉਂਕਿ ਪੰਜਾਬ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਡੀਐਸਪੀ ਪਾਇਲ ਹਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਹ ਪਰਵਾਰ ਨਾਲ ਜਿੰਨਾਂ ਲੋਕਾਂ ਦਾ ਰਾਬਤਾ ਸੀ ਉਨ੍ਹਾਂ ਨੂੰ ਵੀ ਇਕਾਂਤਵਾਸ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਇਲ ਅਧੀਨ ਆਉਂਦੇ ਹਲਕੇ ਨੂੰ ਪਹਿਲਾਂ ਹੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਜਿਸ ਨੂੰ ਹੁਣ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।