ਤਕਨੀਕੀ ਖ਼ਰਾਬੀ ਕਰ ਕੇ ਫ਼ੌਜੀਆਂ ਨੂੰ ਖੇਤ 'ਚ ਉਤਾਰਨਾ ਪਿਆ ਹੈਲੀਕਾਪਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਕਨੀਕੀ ਖ਼ਰਾਬੀ ਕਰ ਕੇ ਫ਼ੌਜੀਆਂ ਨੂੰ ਖੇਤ 'ਚ ਉਤਾਰਨਾ ਪਿਆ ਹੈਲੀਕਾਪਟਰ

ਤਕਨੀਕੀ ਖ਼ਰਾਬੀ ਕਰ ਕੇ ਫ਼ੌਜੀਆਂ ਨੂੰ ਖੇਤ 'ਚ ਉਤਾਰਨਾ ਪਿਆ ਹੈਲੀਕਾਪਟਰ

ਮੁਕੇਰੀਆਂ, 17 ਅਪ੍ਰੈਲ (ਹਰਦੀਪ ਸਿੰਘ ਭੰਮਰਾ): ਪੰਜਾਬ-ਹਿਮਾਚਲ ਦੇ ਸਰਹੱਦੀ ਪਿੰਡ ਬੁੱਢਾਬੜ ਵਿਖੇ ਸਥਿਤੀ ਉਦੋਂ ਹੰਗਾਮਾਪੂਰਨ ਹੋ ਗਈ ਜਦੋਂ ਸ਼ੁਕਰਵਾਰ ਦੁਪਹਿਰ ਸਮੇਂ ਅਚਾਨਕ ਭਾਰਤੀ ਹਵਾਈ ਫ਼ੌਜ ਦੇ ਅਪਾਚੇ ਹੈਲੀਕਾਪਟਰ ਦੀ ਐਂਮਰਜੈਂਸੀ ਲੈਂਡਿੰਗ ਪਿੰਡ ਨੇੜਲੇ ਖੇਤ ਵਿਚ ਕਰਵਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫ਼ੌਜ ਦੇ ਪਠਾਨਕੋਟ ਏਅਰ ਬੇਸ ਤੋਂ ਅਪਣੇ ਨਿੱਤਪ੍ਰਤੀ ਦੇ ਅਭਿਆਸ ਦੌਰਾਨ ਦੋ ਹੈਲੀਕਾਪਟਰਾਂ ਨੇ ਉਡਾਨ ਭਰੀ ਸੀ ਜਦੋਂ ਉਕਤ ਹੈਲੀਕਾਪਟਰ ਹਲਕਾ ਮੁਕੇਰੀਆਂ ਦੇ ਨੇੜੇ ਅਭਿਆਸ ਕਰ ਰਹੇ ਸਨ ਤਾਂ ਅਚਾਨਕ ਇਕ ਅਪਾਚੇ ਹੈਲੀਕਾਪਟਰ ਵਿਚ ਤਕਨੀਕੀ ਨੁਕਸ ਪੈ ਗਿਆ। ਜਦੋਂ ਪਾਇਲਟ ਨੂੰ ਖ਼ਰਾਬੀ ਦਾ ਸ਼ੱਕ ਪਿਆ ਤਾਂ ਉਸ ਨੇ ਅਪਣੀ ਸਮਝ ਮੁਤਾਬਕ ਇਸ ਦੀ ਐਮਰਜੈਂਸੀ ਲੈਂਡਿੰਗ ਪਿੰਡ ਬੁੱਢਾਬੜ ਅਤੇ ਮੁਹੱਦਪੁਰ ਦੇ ਰਿਹਾਇਸ਼ੀ ਖੇਤਰ ਤੋਂ ਬਾਹਰ ਖੇਤ ਵਿਚ ਕਰਵਾਉਣਾ ਬਿਹਤਰ ਸਮਝਿਆ।


ਉਸ ਸਮੇਂ ਹੈਲੀਕਾਪਟਰ ਵਿਚ ਦੋ ਪਾਇਲਟ ਮੌਜੂਦ ਸਨ ਜਿਨ੍ਹਾਂ ਨੇ ਬਿਲਕੁਲ ਸੁਰੱਖਿਅਤ ਹਾਲਤ ਵਿਚ ਹੈਲੀਕਾਪਟਰ ਨੂੰ ਲੈਂਡ ਕਰਵਾ ਕੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਲਿਆ। ਜਦਕਿ ਦੂਜਾ ਹੈਲੀਕਾਪਟਰ ਥੋੜ੍ਹੀ ਦੇਰ ਅਸਮਾਨ ਵਿਚ ਹੀ ਚੱਕਰ ਲਗਾਉਂਦਾ ਰਿਹਾ ਅਤੇ ਪਿੱਛੋਂ ਪਠਾਨਕੋਟ ਬੇਸ ਲਈ ਰਵਾਨਾ ਹੋ ਗਿਆ। ਹੈਲੀਕਾਪਟਰ ਉਤਾਰੇ ਜਾਣ ਤੋਂ ਬਾਅਦ ਬਾਹਰ ਨਿਕਲੇ ਪਾਇਲਟ ਫ਼ੋਨ ਉੱਤੇ ਅਪਣੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਨਜ਼ਰ ਆਏ ਪਰ ਉਨ੍ਹਾਂ ਨੇ ਇਕੱਠੇ ਹੋਏ ਆਮ ਲੋਕਾਂ ਨੂੰ ਹੈਲੀਕਾਪਟਰ ਦੇ ਨੇੜੇ ਨਹੀਂ ਜਾਣ ਦਿਤਾ।


ਇਸੇ ਦੌਰਾਨ ਪੁਲਿਸ ਥਾਣਾ ਹਾਜੀਪੁਰ ਤੋਂ ਐੱਸਐੱਚਓ ਲੋਮੇਸ਼ ਸ਼ਰਮਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਘਟਨਾ ਵਾਲੀ ਥਾਂ ਉਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਹੈਲੀਕਾਪਟਰ ਨੇੜੇ ਆਉਣ ਅਤੇ ਫ਼ੋਟੋਆਂ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।


ਦੂਜੇ ਪਾਸੇ ਅਚਾਨਕ ਖੇਤ ਵਿਚ ਉਤਾਰੇ ਗਏ ਹੈਲੀਕਾਪਟਰ ਕਾਰਨ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ ਜਿਸ ਪਿੱਛੋਂ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਲੋਕ ਇਸ ਹੈਲੀਕਾਪਟਰ ਨੂੰ ਵੇਖਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਕਰ ਕੇ ਪ੍ਰਸ਼ਾਸਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਪਠਾਨਕੋਟ ਤੋਂ ਪੁੱਜੀ ਤਕਨੀਕੀ ਟੀਮ ਨੇ ਹੈਲੀਕਾਪਟਰ ਦਾ ਨੁਕਸ ਦੂਰ ਕੀਤਾ ਜਿਸ ਉਪਰੰਤ ਕਰੀਬ ਸਾਢੇ ਤਿੰਨ ਵਜੇ ਉਕਤ ਹੈਲੀਕਾਪਟਰ ਪਠਾਨਕੋਟ ਏਅਰ ਬੇਸ ਲਈ ਰਵਾਨਾ ਹੋ ਗਿਆ।