ਗੋਲੀ ਚੱਲਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਪੁਲਿਸ ਅਧਿਕਾਰੀ

ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਡੀ.ਐਸ.ਪੀ. ਗੁਰਦੀਪ ਸਿੰਘ ਗੌਂਸਲ ਤੇ ਐਸ.ਐਚ.ਓ. ਰਾਕੇਸ਼ ਠਾਕੁਰ।

ਜਗਰਾਉਂ, 18 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ): ਥਾਣਾ ਸਿੱਧਵਾਂ ਬੇਟ ਅਧੀਨ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਹੋਈ ਫ਼ਾਇੰਰਗ ਦੌਰਾਨ ਕਰੀਬ 28 ਸਾਲਾ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰਤ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਰਾਮ ਸਿੰਘ ਨਾਮੀ ਇਕ ਵਿਅਕਤੀ ਦੇ ਪੁੱਤਰਾਂ ਦਾ ਲਾਗਲੇ ਕੁਝ ਪਿੰਡਾਂ ਦੇ ਕੁਝ ਨੌਜਵਾਨਾਂ ਵਿਚਕਾਰ ਪਿਛਲੇ ਸਮੇਂ ਇਕ ਵਿਆਹ ਪਾਰਟੀ 'ਚ ਸ਼ਾਮਲ ਹੋਣ ਸਮੇਂ ਝਗੜਾ ਚਲਦਾ ਆ ਰਿਹਾ ਸੀ। ਪਤਾ ਲੱਗਾ ਕਿ ਬੀਤੇ ਦਿਨੀਂ ਵੀ ਦੋਹਾਂ ਧਿਰਾਂ ਨੇ ਆਪਸ ਵਿਚ ਲੜਾਈ ਕਰਨ ਦਾ ਸਮਾਂ ਤੈਅ ਕਰ ਲਿਆ ਜਿਸ ਤਹਿਤ ਪਿੰਡ ਦੇ ਕੁਝ ਲੋਕਾਂ ਸਮੇਤ ਲਾਗਲੇ ਪਿੰਡਾਂ ਦੇ ਕੁਝ ਨੌਜਵਾਨ ਰਾਮ ਸਿੰਘ ਦੇ ਘਰ ਅੱਗੇ ਆ ਕੇ ਲਲਕਾਰੇ ਮਾਰਨ ਲੱਗ ਪਏ।

ਉਪਰੰਤ ਰਾਮ ਸਿੰਘ ਦਾ ਇਕ ਲੜਕਾ ਨਰਿੰਦਰਪਾਲ ਸਿੰਘ ਉੇਰਫ ਨਿੰਦੀ ਬਾਹਰ ਨਿਕਲਿਆ ਤਾਂ ਦੋਹਾਂ ਧਿਰਾਂ ਵਿਚ ਬਹਿਸ ਸ਼ੁਰੂ ਹੋ ਗਈ। ਇਸੇ ਦੌਰਾਨ ਬਾਹਰ ਖੜੇ ਲੋਕਾਂ ਵਿਚੋਂ ਇਕ ਨੇ ਰਿਵਾਲਵਰ ਨਾਲ ਫ਼ਾਇਰਿੰਗ ਕੀਤੀ ਜਿਨ੍ਹਾਂ ਵਿਚੋਂ ਇਕ ਗੋਲੀ ਨਰਿੰਦਰਪਾਲ ਸਿੰਘ ਦੇ ਦੋਹਾਂ ਪੱਟਾਂ ਦੇ ਵਿਚਕਾਰ ਲੱਗ ਗਈ ਅਤੇ ਇਕ ਗੋਲੀ ਗਲੀ ਵਿਚ ਖੜੇ ਬਲਦ ਦੇ ਜਬਾੜ੍ਹੇ ਕੋਲ ਜਾ ਲੱਗੀ ਜੋ ਅਜੇ ਵੀ ਉਸ ਦੇ ਅੰਦਰ ਹੀ ਦੱਸੀ ਜਾਂਦੀ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਕਈ ਲੋਕ ਘਰਾਂ ਦੇ ਕੋਠਿਆਂ ਉਪਰ ਚੜ੍ਹ ਗਏ ਅਤੇ ਉਨ੍ਹਾਂ ਜਦੋਂ ਹਮਲਾਵਰਾਂ ਦੇ ਇੱਟਾਂ, ਰੋੜੇ ਮਾਰਨੇ ਸ਼ੁਰੂ ਕੀਤੇ ਤਾਂ ਹਮਲਾਵਰ ਨੇ ਇਕ ਗੋਲੀ ਉਨ੍ਹਾਂ ਵਲ ਵੀ ਦਾਗ ਦਿਤੀ।

ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਡੀ.ਐਸ.ਪੀ. ਗੁਰਦੀਪ ਸਿੰਘ ਗੌਂਸਲ ਤੇ ਐਸ.ਐਚ.ਓ. ਰਾਕੇਸ਼ ਠਾਕੁਰ।

ਖ਼ੁਸ਼ਕਿਸਮਤੀ ਨਾਲ ਇਹ ਗੋਲੀ ਇਕ ਦਰਖਤ ਵਿਚ ਜਾ ਵੱਜੀ। ਉਪਰੰਤ ਸਾਰੇ ਦੋਸ਼ੀ ਭੱਜ ਨਿਕਲੇ ਪਰ ਉਨ੍ਹਾਂ ਦੇ ਦੋ ਮੋਟਰਸਾਈਕਲ ਉਥੇ ਹੀ ਰਹਿ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋਹਾਂ ਮੋਟਰਸਾਈਕਲਾਂ ਸਮੇਤ ਕੁਝ ਚੱਲੇ ਅਤੇ ਅਣਚੱਲੇ ਕਾਰਤੂਸਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਸਾਰੇ ਮਾਮਲੇ ਦੀ ਜਾਂਚ ਕਰਨ ਲਈ ਪੁੱਜੇ ਡੀ.ਐਸ.ਪੀ. ਗੁਰਦੀਪ ਸਿੰਘ ਗੌਸ਼ਲ ਅਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸ. ਰਾਜੇਸ਼ ਠਾਕਰ ਨੇ ਰਾਤ ਦੀ ਘਟਨਾ ਮੌਕੇ ਮੌਜੂਦ ਕਈ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦਸਿਆ ਕਿ ਜ਼ਖ਼ਮੀ ਹੋਏ ਨਰਿੰਦਰਪਾਲ ਸਿੰਘ ਦੇ ਬਿਆਨਾਂ 'ਤੇ ਸਾਰੇ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਚਾਹੇ ਉਹ ਇਸ ਪਿੰਡ ਦਾ ਹੀ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਪਿੰਡ ਦੇ ਕਈ ਲੋਕਾਂ ਨੇ ਉਕਤ ਦੋਹਾਂ ਧਿਰਾਂ ਵਿਚਕਾਰ ਪਿਛਲੇ ਸਮੇਂ ਤੋਂ ਚੱਲ ਰਹੇ ਝਗੜੇ ਨੂੰ ਮੰਦਭਾਗਾ ਦੱਸਦੇ ਹੋਏ ਆਖਿਆ ਕਿ ਜਦੋਂ ਇਸ ਤਰਾਂ ਗੈਂਗਵਰ ਲੜਾਈ ਹੁੰਦੀ ਹੈ ਤਾਂ ਇਉਂ ਜਾਪਣ ਲਗਦਾ ਹੈ ਜਿਵੇਂ ਇਲਾਕੇ 'ਚ ਕਨੂੰਨ ਨਾਂ ਦੀ ਕੋਈ ਚੀਜ਼ ਹੀ ਨਾ ਹੋਵੇ। ਲੋਕਾਂ ਨੇ ਮੰਗ ਕੀਤੀ ਕਿ ਅਜਿਹੀ ਗੁੰਡਾਗਰਦੀ ਨੂੰ ਜਲਦੀ ਨੱਥ ਪਾਈ ਜਾਵੇ ਅਤੇ ਪਿਛਲੇ ਲੰਬੇ ਸਮੇਂ ਤੋਂ ਬੇਟ ਇਲਾਕੇ ਵਿਚ ਘੁੰਮ ਰਹੇ ਇਨ੍ਹਾਂ ਅਪਰਾਧਕ ਲੋਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ।